ਹੁਸ਼ਿਆਰਪੁਰ, 3 ਫ਼ਰਵਰੀ (ਹਰਪ੍ਰੀਤ ਕੌਰ)-ਮੰਗਲਵਾਰ ਨੂੰ ਸ਼ਹਿਰ ਦੇ ਨਜ਼ਦੀਕੀ ਪਿੰਡ ਬਾਗਪੁਰ ਵਿਖੇ ਇਕ ਬੁਟੀਕ ਵਿਚ ਲੱਗੀ ਅੱਗ ਨੂੰ ਬੁਝਾਉਂਦਿਆਂ ਫ਼ਾਇਰ ਬਿ੍ਗੇਡ ਦੇ ਦੋ ਕਰਮਚਾਰੀ ਗੰਭੀਰ ਜ਼ਖਮੀ ਹੋ ਗਏ | ਇਨ੍ਹਾਂ ਵਿਚੋਂ ਇਕ ਮੁਲਾਜ਼ਮ ਪੱਕਾ ਹੈ ਅਤੇ ਦੂਜਾ ਆਊਟਸੋਰਸ ਮੁਲਾਜ਼ਮ ਹੈ | ਭਾਵੇਂ ਸਿਵਲ ਹਸਪਤਾਲ 'ਚ ਇਨ੍ਹਾਂ ਦਾ ਮੁਢਲਾ ਇਲਾਜ ਮੁਫ਼ਤ ਹੋ ਜਾਵੇਗਾ ਪਰ ਨਿਗੁਣੀਆਂ ਤਨਖਾਹਾਂ 'ਤੇ ਕੰਮ ਕਰਦੇ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੀ ਨੌਕਰੀ ਅਤੇ ਚੰਗੀਆਂ ਤਨਖਾਹਾਂ ਦੀ ਲੋੜ ਹੈ ਤਾਂ ਜੋ ਇਹ ਆਪਣਾ ਇਲਾਜ ਸਹੀ ਢੰਗ ਨਾਲ ਕਰਵਾ ਸਕਣ | ਹਾਦਸੇ ਤੋਂ ਬਾਅਦ ਹੁਸ਼ਿਆਰਪੁਰ ਫ਼ਾਇਰ ਬਿ੍ਗੇਡ ਇਕ ਵਾਰ ਫ਼ਿਰ ਚਰਚਾ 'ਚ ਆ ਗਿਆ | ਹਾਲਾਤ ਇਹ ਹਨ ਕਿ ਦਰਜਨ ਤੋਂ ਉੱਤੇ ਗੱਡੀਆਂ ਚਲਾਉਣ ਲਈ ਮਹਿਕਮੇ ਕੋਲ ਸਿਰਫ਼ 4 ਪੱਕੇ ਡਰਾਈਵਰ ਅਤੇ 5 ਪੱਕੇ ਫ਼ਾਇਰਮੈਨ ਹਨ | ਨਿਗਮ ਨੇ ਗੱਡੀਆਂ ਤਾਂ ਨਵੀਂਆਂ ਖਰੀਦ ਲਈਆਂ ਪਰ ਮੁਲਾਜ਼ਮਾਂ ਦੀ ਘਾਟ ਬਰਕਰਾਰ ਹੈ | ਫ਼ਾਇਰਮੈਨਾਂ ਦੀਆਂ 25 ਅਤੇ ਡਰਾਈਵਰਾਂ ਦੀਆਂ 15 ਪੋਸਟਾਂ ਖਾਲੀ ਪਈਆਂ ਹਨ ਜਦੋਂਕਿ ਇੰਨੀਆਂ ਗੱਡੀਆਂ ਨੂੰ ਚਲਾਉਣ ਲਈ ਅਤੇ ਪੂਰੇ ਜ਼ਿਲ੍ਹੇ ਨੂੰ ਕਵਰ ਕਰਨ ਲਈ ਘੱਟ ਤੋਂ ਘੱਟ 25 ਡਰਾਈਵਰ ਅਤੇ 90 ਫ਼ਾਇਰਮੈਨ ਚਾਹੀਦੇ ਹਨ | ਆਊਟਸੋਰਸ 'ਤੇ ਰੱਖੇ ਮੁਲਾਜ਼ਮਾਂ ਨੂੰ ਘੱਟ ਤਨਖਾਹਾਂ ਅਤੇ ਬਿਨਾਂ ਕਿਸੇ ਹੋਰ ਇਨਸੈਨਟਿਵ ਦੇ ਕੰਮ ਕਰਨਾ ਪੈਂਦਾ ਹੈ | ਗਰਮੀਆਂ ਦੇ ਦਿਨਾਂ 'ਚ ਜਦੋਂ ਅੱਗ ਲੱਗਣ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ ਤਾਂ ਕਰਮਚਾਰੀ ਦਿਨ ਰਾਤ ਇਕ ਕਰ ਦਿੰਦੇ ਹਨ ਪਰ ਇਨ੍ਹਾਂ ਨੂੰ ਕੋਈ ਵਾਧੂ ਮਾਣ ਭੱਤਾ ਨਹੀਂ ਮਿਲਦਾ | ਇਕਕ ਫ਼ਾਇਰ ਬਿ੍ਗੇਡ ਦਸਤੇ ਦੇ ਨਾਲ ਇਕ ਸ਼ਿਫ਼ਟ ਵਿਚ ਤਿੰਨ ਫਾਇਰਮੈਨਾਂ ਦੀ ਲੋੜ ਹੁੰਦੀ ਹੈ | ਇਸ ਹਿਸਾਬ ਨਾਲ ਤਿੰਨ ਸ਼ਿਫਟਾਂ ਵਿਚ ਕੰਮ ਕਰਾਉਣ ਲਈ ਇਸ ਹਿਸਾਬ ਨਾਲ ਹੀ ਫਾਇਰਮੈਨ ਤੈਨਾਤ ਹੋਣੇ ਚਾਹੀਦੇ ਹਨ | ਸਰਕਾਰ ਨੂੰ ਫ਼ਾਇਰ ਸਟਾਫ਼ ਦੀ ਕਮੀ ਪੂਰੀ ਕਰਾਉਣ ਲਈ ਵਿਭਾਗ ਵਲੋਂ ਕਈ ਵਾਰ ਲਿਖਿਆ ਗਿਆ ਹੈ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ | ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸਰਪ੍ਰਸਤ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਪੱਕਾ ਕਰੇ ਅਤੇ ਹਾਦਸੇ ਵਿਚ ਜ਼ਖਮੀ ਹੋਏ ਫ਼ਾਇਰ ਕਰਮੀਆਂ ਨੂੰ ਫੌਰੀ ਮੱਦਦ ਦੇਵੇ, ਨਹੀਂ ਤਾਂ ਯੂਨੀਅਨ ਸਖਤ ਐਕਸ਼ਨ ਲਵੇਗੀ | ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਸਥਾਨਕ ਸਰਕਾਰ ਮਹਿਕਮਾ ਦੋ ਵਾਰ ਹੁਸ਼ਿਆਰਪੁਰ ਦੇ ਆਗੂਆਂ ਦੇ ਹੱਥ ਰਿਹਾ ਹੈ, ਪਰ ਇਸ ਦੇ ਬਾਵਜੂਦ ਸਥਾਨਕ ਕਰਮਚਾਰੀਆਂ ਦੀ ਸੁਣਵਾਈ ਨਹੀਂ ਹੋਈ |