ਤਲਵਾੜਾ, 5 ਫਰਵਰੀ (ਐੱਚ. ਐੱਸ. ਮਿੱਠੂ)- ਭਾਖੜਾ ਬਿਆਸ ਪ੍ਰਬੰਧ ਬੋਰਡ ਤਲਵਾੜਾ ਵਿਖੇ ਅੰਡਰ ਵਾਟਰ ਸਰਵੇ ਨਾਲ ਸੰਬੰਧਿਤ ਆਧੁਨਿਕ ਤਕਨੀਕਾਂ ਬਾਰੇ ਅਧਿਕਾਰੀਆਂ ਅਤੇ ਇੰਜਨੀਅਰਾਂ ਨੂੰ ਅੱਪਡੇਟ ਕਰਨ ਦੇ ਉਦੇਸ਼ ਨਾਲ ਇਕ ਦਿਨਾਂ ਤਕਨੀਕੀ ਵਰਕਸ਼ਾਪ ਦਾ ਆਨਲਾਈਨ ਆਯੋਜਨ ਮੁੱਖ ਇੰਜਨੀਅਰ ਰਾਕੇਸ ਕੁਮਾਰ ਗੁਪਤਾ ਦੀ ਅਗਵਾਈ ਵਿਚ ਕੀਤਾ ਗਿਆ | ਇਸ ਮੌਕੇ ਡਿਪਟੀ ਮੁੱਖ ਇੰਜਨੀਅਰ ਵੀ.ਕੇ. ਮੀਨਾ, ਨਿਗਰਾਨ ਇੰਜਨੀਅਰ ਮਨਵੀਨ ਚੌਧਰੀ, ਕਾਰਜਕਾਰੀ ਇੰਜਨੀਅਰ ਵਿਨੈ ਕੁਮਾਰ, ਹਰਪ੍ਰੀਤ ਸਿੰਘ ਅਤੇ ਗੌਰਵ ਲਾਂਬਾ ਤੋਂ ਇਲਾਵਾ ਵੱਖ-ਵੱਖ ਇਕਾਈਆਂ ਤੋਂ ਐਸ.ਡੀ.ਓਜ਼ ਅਤੇ ਜੂਨੀਅਰ ਇੰਜਨੀਅਰਾਂ ਨੇ ਵੀ ਵਰਕਸ਼ਾਪ ਵਿੱਚ ਭਾਗ ਲਿਆ | ਵਰਕਸ਼ਾਪ ਦੌਰਾਨ ਅੰਡਰ ਵਾਟਰ ਸਰਵੇ ਲਈ ਵਰਤੀਆਂ ਜਾਣ ਵਾਲੀਆਂ ਨਵੀਨਤਮ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਨਾਲ ਹੀ ਵਰਕਸ਼ਾਪ ਦੌਰਾਨ ਰਿਮੋਟਲੀ ਆਪਰੇਟਡ ਵਹੀਕਲ, ਅੰਡਰ ਵਾਟਰ ਕੈਮਰਾ ਸਿਸਟਮ, ਸੋਨਾਰ ਤਕਨੀਕ, ਬਾਥੀਮੇਟਿ੍ਕ ਸਰਵੇ, ਟਨਲਾਂ, ਡੈਮਾਂ ਅਤੇ ਹਾਈਡਰੋ-ਮਕੈਨੀਕਲ ਸੰਰਚਨਾਵਾਂ ਦੀ ਜਾਂਚ ਸਬੰਧੀ ਤਕਨੀਕੀ ਵਿਧੀਆਂ ਨੂੰ ਸਪਸ਼ਟ ਕੀਤਾ ਗਿਆ | ਮੁੱਖ ਇੰਜਨੀਅਰ ਰਾਕੇਸ ਕੁਮਾਰ ਗੁਪਤਾ ਨੇ ਕਿਹਾ ਕਿ ਅੰਡਰ ਵਾਟਰ ਸਰਵੇ ਤਕਨੀਕਾਂ ਡੈਮਾਂ, ਨਦੀਆਂ, ਟਨਲਾਂ ਅਤੇ ਹੋਰ ਜਲ ਸੰਰਚਨਾਵਾਂ ਦੀ ਸੁਰੱਖਿਆ ਅਤੇ ਲੰਬੇ ਸਮੇਂ ਤੱਕ ਟਿਕਾਊ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੀਆਂ ਤਕਨੀਕੀ ਵਰਕਸ਼ਾਪਾਂ ਰਾਹੀਂਾ ਇੰਜਨੀਅਰਾਂ ਨੂੰ ਨਵੀਂ ਤਕਨੀਕ ਨਾਲ ਰੂਬਰੂ ਕਰਵਾਉਣਾ ਸਮੇਂ ਦੀ ਲੋੜ ਹੈ |