ਹੁਸ਼ਿਆਰਪੁਰ, 22 ਫਰਵਰੀ (ਬਲਜਿੰਦਰਪਾਲ ਸਿੰਘ)-ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਹਲਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦੇ ਯੂਥ ਬਲਾਕ ਪ੍ਰਧਾਨ ਸੰਦੀਪ ਸਿੰਘ ਆਪਣੇ ਦਰਜਨਾਂ ਸਾਥੀਆਂ ਸਮੇਤ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ | ਇਸ ਮੌਕੇ ਡਾ. ਇਸ਼ਾਂਕ ਨੇ ਇਨ੍ਹਾਂ ਨਵੇਂ ਜੁੜੇ ਪਾਰਟੀ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ | ਡਾ. ਇਸ਼ਾਂਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾ ਨੌਜਵਾਨਾਂ ਨੂੰ ਰਾਜਨੀਤੀ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਆ ਹੈ ਅਤੇ ਇਸ ਯੁਵਾ ਟੀਮ ਦੇ ਸਾਡੇ ਨਾਲ ਜੁੜਨ ਨਾਲ ਸਾਡੀ ਇਸ ਸੋਚ ਨੂੰ ਹੋਰ ਬਲ ਮਿਲੇਗਾ | ਇਸ ਮੌਕੇ ਸੰਦੀਪ ਸਿੰਘ ਨਾਲ ਮੁੱਖ ਤੌਰ 'ਤੇ ਦਵਿੰਦਰ ਸਿੰਘ ਅੱਛਰਵਾਲ, ਪ੍ਰਭਜੋਤ ਸਿੰਘ ਅੱਛਰਵਾਲ, ਰਤਿਸ਼ ਕੁਮਾਰ ਅੱਛਰਵਾਲ, ਜ਼ੋਰਾਵਰ ਸਿੰਘ ਖ਼ਾਨਪੁਰ, ਜੁਗੇਸ਼ ਸੰਧੂ ਬਾਹੋਵਾਲ, ਸੋਨੂੰ ਕੋਟਫਤੂਹੀ ਯੂਥ ਬਲਾਕ, ਗੁਰ ਸ਼ਕਤੀ ਖ਼ਾਨਪੁਰ, ਦਮਨ, ਜਸਵੀਰ ਸਿੰਘ ਮਾਹਿਲਪੁਰ ਆਦਿ ਨੇ ਡਾ. ਇਸ਼ਾਂਕ ਦੇ ਹੱਕ ਵਿਚ 'ਆਪ' ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਸੰਦੀਪ ਸਿੰਘ ਨੇ ਕਿਹਾ ਕਿ ਉਹ ਆਪਣੇ ਯੁਵਾ ਵਿਧਾਇਕ ਡਾ. ਇਸ਼ਾਂਕ ਦੀ ਕਾਰਜ ਪ੍ਰਣਾਲੀ ਦੇ ਨਾਲ-ਨਾਲ ਉਨ੍ਹਾਂ ਦੇ ਬੇਹੱਦ ਸਕਾਰਤਮਕ ਵਿਅਕਤੀਤਵ ਤੋਂ ਵੀ ਬਹੁਤ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੇ ਵਿਸ਼ਵਾਸ ਜ਼ਾਹਿਰ ਕੀਤਾ ਕਿ ਡਾ. ਇਸ਼ਾਂਕ ਕੁਮਾਰ ਅਤੇ ਸਾਂਸਦ ਡਾ. ਰਾਜ ਕੁਮਾਰ ਦੀ ਯੋਗ ਅਗਵਾਈ ਵਿਚ ਚੱਬੇਵਾਲ ਹਲਕੇ ਦਾ ਵਿਕਾਸ ਨਵੀਆਂ ਉਚਾਈਆਂ ਛੂਹੇਗਾ |