ਹੁਸ਼ਿਆਰਪੁਰ, 5 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਦੇ ਵਿਕਾਸ ਨੂੰ ਇਕ ਨਵੀਂ ਦਿਸ਼ਾ ਦਿੰਦੇ ਹੋਏ ਸ਼ਹੀਦ ਊਧਮ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਟੀਚਿੰਗ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਨਿਰਮਾਣ ਕਾਰਜ ਨੂੰ ਮਨਜ਼ੂਰੀ ਮਿਲ ਗਈ ਹੈ ਅਤੇ ਇਸ ਦਾ ਨਿਰਮਾਣ ਕਾਰਜ ਅਲਾਟ ਕਰ ਦਿੱਤਾ ਗਿਆ ਹੈ | ਲਗਪਗ 218 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਮਹੱਤਵਪੂਰਨ ਪ੍ਰੋਜੈਕਟ ਜ਼ਿਲ੍ਹੇ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਮੈਡੀਕਲ ਸਿੱਖਿਆ ਦੇ ਖੇਤਰ ਵਿਚ ਵੀ ਇਕ ਨਵੀਂ ਪਹਿਚਾਣ ਸਥਾਪਿਤ ਕਰੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਸ ਮੈਡੀਕਲ ਕਾਲਜ ਅਤੇ ਮੌਜੂਦਾ ਜ਼ਿਲ੍ਹਾ ਹਸਪਤਾਲ ਕੈਂਪਸ ਵਿੱਚ ਬਣਨ ਵਾਲੇ 300 ਬਿਸਤਰਿਆਂ ਵਾਲੇ ਅਤਿ-ਆਧੁਨਿਕ ਹਸਪਤਾਲ ਦੀ ਉਸਾਰੀ 'ਤੇ ਕੁੱਲ ਲਗਪਗ 218.21 ਕਰੋੜ ਖਰਚ ਕੀਤੇ ਜਾਣਗੇ | ਇਸ ਵਿਚ ਹਸਪਤਾਲ ਦੀ ਇਮਾਰਤ ਲਈ ਲਗਪਗ 131 ਕਰੋੜ ਤੇ ਮੈਡੀਕਲ ਕਾਲਜ ਦੀ ਇਮਾਰਤ ਲਈ ਲਗਪਗ 87.21 ਕਰੋੜ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸੇ ਮਹੀਨੇ ਇਸ ਇਤਿਹਾਸਕ ਪ੍ਰੋਜੈਕਟ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਨਗੇ, ਜੋ ਕਿ ਪੂਰੇ ਜ਼ਿਲ੍ਹੇ ਲਈ ਮਾਣ ਅਤੇ ਖੁਸ਼ੀ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਸੂਬੇ ਵਿਚ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਮੈਡੀਕਲ ਕਾਲਜ ਦੇ ਨਿਰਮਾਣ ਲਈ ਰਾਸ਼ੀ ਜਾਰੀ ਕਰਕੇ ਇਸ ਪ੍ਰੋਜੈਕਟ ਨੂੰ ਅਸਲੀਅਤ ਵਿਚ ਬਦਲਣ ਦਾ ਰਸਤਾ ਸਾਫ ਕੀਤਾ | ਵਿਧਾਇਕ ਜਿੰਪਾ ਨੇ ਕਿਹਾ ਕਿ ਇਹ ਮੈਡੀਕਲ ਕਾਲਜ ਹਰ ਸਾਲ 100 ਐਮ.ਬੀ.ਬੀ.ਐਸ ਵਿਦਿਆਰਥੀਆਂ ਨੂੰ ਦਾਖਲਾ ਦੇਵੇਗਾ, ਜਿਸ ਨਾਲ ਹੁਸ਼ਿਆਰਪੁਰ ਜ਼ਿਲ੍ਹਾ ਮੈਡੀਕਲ ਸਿੱਖਿਆ ਦਾ ਇਕ ਮਹੱਤਵਪੂਰਨ ਕੇਂਦਰ ਵਜੋਂ ਉਭਰੇਗਾ | ਇਸ ਪ੍ਰੋਜੈਕਟ ਦੇ ਤਹਿਤ ਇਕ 300 ਬਿਸਤਰਿਆਂ ਵਾਲਾ ਹਸਪਤਾਲ ਇਮਾਰਤ, ਇੱਕ ਮੈਡੀਕਲ ਕਾਲਜ ਇਮਾਰਤ, ਇਕ 500 ਸੀਟਾਂ ਵਾਲਾ ਆਡੀਟੋਰੀਅਮ, ਮੋਰਚਰੀ, ਲਾਂਡਰੀ, ਏ ਆਰ ਟੀ ਸੈਂਟਰ ਅਤੇ ਹੋਰ ਸਰਵਿਸ ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇਗਾ | ਹਸਪਤਾਲ ਵਿੱਚ ਆਧੁਨਿਕ ਡਾਕਟਰੀ ਸਹੂਲਤਾਂ ਵੀ ਹੋਣਗੀਆਂ, ਜਿਨ੍ਹਾਂ ਵਿੱਚ ਛੇ ਵੱਡੇ ਆਪ੍ਰੇਸ਼ਨ ਥੀਏਟਰ ਅਤੇ ਦੋ ਐਮਰਜੈਂਸੀ ਮਾਈਨਰ ਆਪ੍ਰੇਸ਼ਨ ਥੀਏਟਰ ਸ਼ਾਮਲ ਹਨ | ਇਸ ਤੋਂ ਇਲਾਵਾ ਆਈ.ਸੀ.ਯੂ., ਜਨਰਲ ਸਰਜਰੀ, ਆਰਥੋ, ਈ.ਐੱਨ. ਟੀ., ਜਨਰਲ ਮੈਡੀਸਨ, ਮਨੋਵਿਗਿਆਨ, ਅੱਖਾਂ ਦਾ ਵਿਭਾਗ ਅਤੇ ਪ੍ਰਾਈਵੇਟ ਰੂਮ ਸਮੇਤ ਕੁੱਲ 300 ਬੈਡ ਦੀ ਸੁਵਿਧਾ ਉਪਲਬੱਧ ਹੋਵੇਗੀ | ਵਿਧਾਇਕ ਨੇ ਦੱਸਿਆ ਕਿ ਹਸਪਤਾਲ ਵਿੱਚ 39 ਓ.ਪੀ.ਡੀ. ਕਮਰੇ, 10 ਪ੍ਰੋਸਿਜ਼ਰ ਰੂਮ ਅਤੇ ਅੱੈਮ.ਆਰ.ਆਈ., ਸਿਟੀ ਸਕੈਨ, ਅਲਟਰਾਸਾਉਂਡ, ਐਕਸਰੇ, ਮੈਮੋਗ੍ਰਾਫ਼ੀ ਵਰਗੀਆਂ ਅਤਿ-ਆਧੁਨਿਕ ਡਾਇਗਨੌਸਟਿਕ ਸਹੂਲਤਾਂ ਵੀ ਉਪਲਬੱਧ ਹੋਣਗੀਆਂ | ਵਿਧਾਇਕ ਜਿੰਪਾ ਨੇ ਕਿਹਾ ਕਿ ਇਹ ਪ੍ਰੋਜੈਕਟ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਿਹਤ ਅਤੇ ਸਿੱਖਿਆ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕੇਗਾ | ਇਸ ਨਾਲ ਹਜ਼ਾਰਾਂ ਲੋਕਾਂ ਨੂੰ ਬਿਹਤਰ ਇਲਾਜ ਮਿਲੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ |