ਮੁਕੇਰੀਆਂ, 5 ਮਾਰਚ (ਰਾਮਗੜ੍ਹੀਆ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਹੋਲੀ ਦਾ ਤਿਉਹਾਰ ਮਨਾਇਆ ਗਿਆ | ਸਕੂਲ ਦਾ ਪਰਿਸਰ ਰੰਗਬਿਰੰਗੇ ਪਹਿਰਾਵਿਆਂ ਅਤੇ ਖ਼ੁਸ਼ੀਆਂ ਨਾਲ ਭਰਿਆ ਹੋਇਆ ਨਜ਼ਰ ਆਇਆ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਰਚਨਾਤਮਿਕ ਗਤੀਵਿਧੀਆਂ ਵਿਚ ਭਾਗ ਲੈ ਕੇ ਤਿਉਹਾਰ ਦੀ ਰੌਣਕ ਵਧਾਈ | ਪ੍ਰੀ-ਨਰਸਰੀ ਅਤੇ ਐਲ.ਕੇ.ਜੀ. (ਏ ਅਤੇ ਬੀ) ਦੇ ਨੰਨੇ-ਮੁੰਨੇ ਬੱਚਿਆਂ ਨੇ ਸੁੰਦਰ ਕਰਾਫ਼ਟ ਗਤੀਵਿਧੀ ਰਾਹੀਂ ਹੋਲੀ ਦੇ ਰੰਗ ਕਾਗ਼ਜ਼ 'ਤੇ ਉਕੇਰੇ | ਬੱਚਿਆਂ ਦੀ ਰਚਨਾਤਮਿਕਤਾ ਅਤੇ ਉਤਸ਼ਾਹ ਦੇਖਣਯੋਗ ਸੀ | ਕਲਾਸ 7ਵੀਂ ਦੇ ਵਿਦਿਆਰਥੀਆਂ ਨੇ ਪੈਟਲ ਸ਼ਾਵਰ ਐਕਟੀਵਿਟੀ ਪੇਸ਼ ਕਰਕੇ ਸਭ ਨੂੰ ਰੰਗਾਂ ਦੇ ਤਿਉਹਾਰ ਦਾ ਸੁੰਦਰ ਸੰਦੇਸ਼ ਦਿੱਤਾ | ਫੁੱਲਾਂ ਦੀ ਵਰਖਾ ਨੇ ਮਾਹੌਲ ਨੂੰ ਹੋਰ ਵੀ ਖ਼ੁਸ਼ਗਵਾਰ ਬਣਾ ਦਿੱਤਾ | ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਜੀ. ਐੱਸ. ਮੁਲਤਾਨੀ ਅਤੇ ਸ੍ਰੀਮਤੀ ਨੀਰੂ ਮੁਲਤਾਨੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਹੋਲੀ ਦਾ ਤਿਉਹਾਰ ਸਾਨੂੰ ਪਿਆਰ, ਭਰਾਤਰੀਭਾਵ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ | ਸਾਨੂੰ ਇਹ ਤਿਉਹਾਰ ਆਪਸੀ ਸਦਭਾਵਨਾ ਅਤੇ ਮਿਲਜੁਲ ਕੇ ਮਨਾਉਣਾ ਚਾਹੀਦਾ ਹੈ | ਸਕੂਲ ਦੀ ਪਿ੍ੰਸੀਪਲ ਅਰਚਨਾ ਸੂਦਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿਉਹਾਰ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਾਡੀ ਸੰਸਕਿ੍ਤੀ ਅਤੇ ਪਰੰਪਰਾਵਾਂ ਨੂੰ ਸਮਝਣ ਦਾ ਵੀ ਮੌਕਾ ਹੁੰਦੇ ਹਨ | ਉਨ੍ਹਾਂ ਨੇ ਸਭ ਨੂੰ ਸੁਰੱਖਿਅਤ ਹੋਲੀ ਮਨਾਉਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਕੂਲ ਸਟਾਫ਼ ਵੀ ਹਾਜ਼ਰ ਸੀ |