ਹੁਸ਼ਿਆਰਪੁਰ-ਦੰਦਾਂ ਦੇ ਮਾਹਿਰ ਡਾਕਟਰ ਨਵਰੀਤ ਸਿੰਘ ਮੰਡਿਆਲ ਜਿਨ੍ਹਾਂ ਦਾ ਜਨਮ 15 ਦਸੰਬਰ 1991 ਨੂੰ ਪਿਤਾ ਸਾਬਕਾ ਐੱਸ. ਐੱਮ. ਓ. ਤੇ ਦੰਦਾਂ ਦੇ ਮਾਹਿਰ ਡਾਕਟਰ ਜਸਵੰਤ ਸਿੰਘ ਮੰਡਿਆਲ ਦੇ ਗ੍ਰਹਿ ਹੁਸ਼ਿਆਰਪੁਰ ਵਿਖੇ ਮਾਤਾ ਰਾਜਿੰਦਰ ਕੌਰ ਮੰਡਿਆਲ ਦੀ ਕੁੱਖੋਂ ਹੋਇਆ | ਆਪ ਨੇ 10ਵੀਂ ਤੱਕ ਦੀ ਪੜ੍ਹਾਈ ਮਾਊਾਟ ਕਾਰਮਲ ਸਕੂਲ ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤੀ ਅਤੇ 12ਵੀਂ ਜਮਾਤ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਪ੍ਰਾਪਤ ਕੀਤੀ | ਇਸ ਉਪਰੰਤ ਮਾਪਿਆਂ ਵਲੋਂ ਮਿਲੀ ਸਹੀ ਸੇਧ ਦੇ ਚੱਲਦਿਆਂ ਆਪਣੀ ਮਿਹਨਤ ਸਦਕਾ ਬੀ. ਡੀ. ਐੱਸ. ਦੀ ਡਿਗਰੀ ਸ੍ਰੀ ਗੁਰੂ ਰਾਮਦਾਸ ਸਾਇੰਸ ਐਂਡ ਰਿਸਰਚ ਡੈਂਟਲ ਕਾਲਜ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਕੀਤੀ | ਆਪ ਦਾ ਵਿਆਹ ਡਾ. ਨਵਸੰਗੀਤ ਕੌਰ ਨਾਲ ਹੋਇਆ | ਸੁਖੀ ਪਰਿਵਾਰਕ ਜੀਵਨ ਬਸਰ ਕਰਨ ਦੇ ਨਾਲ-ਨਾਲ ਆਪ ਨੇ ਆਪਣੀ ਪਤਨੀ ਸਮੇਤ ਡੈਂਟਲ ਕਲੀਨਿਕ 'ਚ ਕੰਮ ਸ਼ੁਰੂ ਕਰ ਦਿੱਤਾ, ਜਿੱਥੇ ਲੋੜਵੰਦ ਮਰੀਜ਼ਾਂ ਦਾ ਇਲਾਜ ਵਾਜਬ ਰੇਟਾਂ 'ਤੇ ਕੀਤਾ ਜਾਂਦਾ ਸੀ | ਆਪ ਮਿੱਠ ਬੋਲੜੇ ਤੇ ਮਿਲਵਰਤਨ ਵਾਲੇ ਸੁਭਾਅ ਦੇ ਮਾਲਕ ਸਨ, ਜਿਸ ਦੇ ਚੱਲਦਿਆਂ ਹਰੇਕ ਵਿਅਕਤੀ ਆਪ ਦੇ ਵਤੀਰੇ ਤੋਂ ਪ੍ਰਭਾਵਿਤ ਸੀ | ਹੱਸਦੇ-ਖੇਡਦੇ ਪਰਿਵਾਰ ਨੂੰ ਡੂੰਘੇ ਗ਼ਮਾਂ 'ਚ ਪਾ ਕੇ 25 ਫਰਵਰੀ ਨੂੰ ਹੁਸ਼ਿਆਰਪੁਰ-ਜਲੰਧਰ ਮਾਰਗ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਆਪ ਸਭ ਨੂੰ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ | ਆਪ ਦੀ ਆਤਮਿਕ ਸ਼ਾਂਤੀ ਨਮਿੱਤ ਰੱਖੇ ਪਾਠ ਦੇ ਭੋਗ 6 ਮਾਰਚ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਗ੍ਰਹਿ ਮੁਹੱਲਾ ਸੈਂਟਰਲ ਟਾਊਨ ਹੁਸ਼ਿਆਰਪੁਰ ਵਿਖੇ ਪਾਏ ਜਾਣਗੇ, ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਮਿੱਠਾ ਟਿਵਾਣਾ, ਮਾਡਲ ਟਾਊਨ ਹੁਸ਼ਿਆਰਪੁਰ ਵਿਖੇ 12:30 ਤੋਂ 1:30 ਵਜੇ ਤੱਕ ਹੋਵੇਗੀ | -ਬਲਜਿੰਦਰਪਾਲ ਸਿੰਘ