ਹੁਸ਼ਿਆਰਪੁਰ, 5 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੁਆਰਾ ਲਗਾਤਾਰ ਪਿਛਲੇ ਚਾਰ ਸਾਲਾਂ ਤੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਹੋਰ ਮੁਲਾਜ਼ਮ ਮੰਗਾਂ ਪ੍ਰਤੀ ਅਪਣਾਈ ਜਾ ਰਹੀ ਟਾਲਮਟੋਲ ਦੀ ਨੀਤੀ ਤੋਂ ਖ਼ਫ਼ਾ ਕਰਮਚਾਰੀ ਵਰਗ ਹੁਣ ਚੋਣ ਵਰ੍ਹਾ ਹੋਣ ਕਾਰਨ ਸਰਕਾਰ ਨਾਲ ਆਰ-ਪਾਰ ਦੇ ਸੰਘਰਸ਼ ਦੇ ਰੋਹ 'ਚ ਹੈ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਵੱਡੀ ਗਿਣਤੀ ਵਿਚ ਇਸ ਸੰਘਰਸ਼ ਵਿਚ ਹਿੱਸਾ ਲਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੌਰਮਿੰਟ ਟੀਚਰਜ਼ ਯੂਨੀਅਨ ਹੁਸ਼ਿਆਰਪੁਰ ਪਿ੍ਤਪਾਲ ਸਿੰਘ ਚੌਟਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਅਮਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦਿਆਂ 'ਚੋਂ ਇਕ ਵਾਅਦਾ ਵੀ ਪੂਰਾ ਨਹੀਂ ਕੀਤਾ, ਜਿਸ ਦਾ ਐੱਨ. ਪੀ. ਐੱਸ. ਮੁਲਾਜ਼ਮਾਂ 'ਚ ਭਾਰੀ ਰੋਸ ਹੈ | ਇਸ ਲਈ 8 ਮਾਰਚ ਦੀ ਰੈਲੀ ਨੂੰ ਸਫਲ ਬਣਾਉਣ ਅਤੇ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਲਈ ਐੱਨ.ਪੀ.ਐੱਸ. ਮੁਲਾਜ਼ਮ ਵੱਡੀ ਗਿਣਤੀ 'ਚ ਆਪਣੀ ਸ਼ਮੂਲੀਅਤ ਕਰਨਗੇ |