ਹੁਸ਼ਿਆਰਪੁਰ, 6 ਮਾਰਚ (ਬਲਜਿੰਦਰਪਾਲ ਸਿੰਘ)-14 ਮਾਰਚ ਨੂੰ ਮੋਗਾ 'ਚ ਹੋਣ ਵਾਲੀ 'ਬਦਲਾਅ ਰੈਲੀ' ਦੀਆਂ ਤਿਆਰੀਆਂ ਨੂੰ ਲੈ ਕੇ ਰੈਲੀ ਇੰਚਾਰਜ ਭਾਜਪਾ ਸੂਬਾ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਭਾਜਪਾ ਦਫ਼ਤਰ 'ਚ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਤੀਕਸ਼ਣ ਸੂਦ ਨੇ ਕਿਹਾ ਕਿ ਇਸ ਬਦਲਾਅ ਰੈਲੀ 'ਚ ਲੱਖਾਂ ਦੀ ਗਿਣਤੀ 'ਚ ਲੋਕ ਸ਼ਾਮਲ ਹੋਣਗੇ | ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਰੈਲੀ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ ਲਈ ਨੀਂਹ ਪੱਥਰ ਸਾਬਤ ਹੋਵੇਗੀ | ਪੰਜਾਬ ਦੀ ਜਨਤਾ ਇਸ ਸਮੇਂ ਆਮ ਆਦਮੀ ਪਾਰਟੀ ਦੀ ਘਟਿਆ ਕਾਰਗੁਜ਼ਾਰੀ ਨਾਲ ਬੂਰੀ ਤਰ੍ਹਾਂ ਗ੍ਰਸਤ ਹੈ | ਆਮ ਆਦਮੀ ਪਾਰਟੀ ਨੇ ਬਦਲਾਅ ਦੇ ਨਾਂ 'ਤੇ ਪੰਜਾਬੀਆਂ ਨਾਲ ਧੋਖਾ ਕੀਤਾ ਅਤੇ ਉਨ੍ਹਾਂ ਦੀ ਕੋਈ ਗਾਰੰਟੀ ਸਿਰੇ ਨਹੀਂ ਚੜ੍ਹੀ | ਪੰਜਾਬ 'ਤੇ ਕਰਜ਼ੇ ਦਾ ਬੋਝ ਦੁੱਗਣਾ ਹੋ ਗਿਆ ਹੈ, ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ | ਇਸ ਬਦਲਾਅ ਰੈਲੀ ਰਾਹੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਕੇ ਮੌਜੂਦਾ ਨਿਕਮੀ ਸਰਕਾਰ ਨੂੰ ਬਦਲਣ ਲਈ ਲੋਕਾਂ ਨੂੰ ਸੱਦਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਰੈਲੀ 'ਚ ਸ਼ਾਮਲ ਹੋਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਹੈ |