ਬੰਗਾ, 5 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਜ਼ਦੀਕੀ ਪਿੰਡ ਭਰੋਮਜਾਰਾ ਵਿਖੇ 235ਵੇਂ ਮੁਫ਼ਤ ਸਿਲਾਈ ਸੈਂਟਰ ਦੀ ਸਮਾਪਤੀ 'ਤੇ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਪਿੰਡ ਦੇ ਸਾਬਕਾ ਸਰਪੰਚ ਰਾਮ ਸਿੰਘ ਭਰੋਮਜਾਰਾ ਤੇ ਅਵਤਾਰ ਸਿੰਘ ਨੇ ਸਾਂਝੇ ਤੌਰ 'ਤੇ ਕੀਤੀ | ਦੋ ਦਰਜਨ ਦੇ ਕਰੀਬ ਸਿਖਿਆਰਥਣਾਂ ਨੂੰ ਸਰਟੀਫਿਕੇਟ ਭੇਟ ਕੀਤੇ ਗਏ | ਇਸ ਅਵਸਰ 'ਤੇ ਸਿਖਿਆਰਥਣਾਂ ਅਤੇ ਪਿੰਡ ਦੇ ਪੱਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਜਨਰਲ ਸਕੱਤਰ ਮਾ: ਤਰਲੋਚਨ ਸਿੰਘ ਪਠਲਾਵਾ ਅਤੇ ਸੰਸਥਾ ਦੇ ਮੁੱਖ ਬੁਲਾਰੇ ਤੇ ਵਿੱਤ ਸਕੱਤਰ ਲੈਕਚਰਾਰ ਤਰਸੇਮ ਪਠਲਾਵਾ ਨੇ ਆਖਿਆ ਕਿ ਸਿਲਾਈ ਕਢਾਈ ਵਰਗੇ ਕਿੱਤੇ ਨਾਲ ਜੁੜ ਕੇ ਆਪਣੇ ਪਰਿਵਾਰਾਂ ਨੂੰ ਆਰਥਿਕ ਤੌਰ 'ਤੇ ਸਮਰੱਥ ਬਣਾਉਣਾ ਅੱਜ ਦੇ ਸਮੇਂ ਦੀ ਲੋੜ ਬਣ ਗਿਆ ਹੈ | ਬੁਲਾਰਿਆਂ ਨੇ ਆਖਿਆ ਕਿ ਉਦੋਂ ਤੱਕ ਨਰੋਏ ਅਤੇ ਉਸਾਰੂ ਸਮਾਜ ਦੀ ਸਿਰਜਣਾ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਦੇਸ਼ ਦੀਆਂ ਔਰਤਾਂ ਆਰਥਿਕ ਤੌਰ 'ਤੇ ਸਮੇਂ ਦੀਆਂ ਹਾਣੀ ਨਹੀਂ ਬਣ ਜਾਂਦੀਆਂ | ਇੰਦਰਜੀਤ ਸਿੰਘ ਵਾਰੀਆ ਨੇ ਲੜਕੀਆਂ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਤੁਸੀਂ ਆਪਣੀ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਦੀ ਭਾਵਨਾ 'ਤੇ ਚੱਲਦਿਆਂ ਵਧੀਆ ਮੁਕਾਮ ਹਾਸਲ ਕਰ ਸਕਦੇ ਹੋ | ਇਸ ਮੌਕੇ ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਸਿਲਾਈ ਅਧਿਆਪਕਾ ਸ੍ਰੀਮਤੀ ਅਨੀਤਾ ਕੁਮਾਰੀ, ਦਲਵੀਰ ਚੰਦ ਪੰਚ, ਸੁਨੀਤਾ ਰਾਣੀ ਪੰਚ, ਨੀਲਮ ਰਾਣੀ ਪੰਚ ਤੇ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਆਦਿ ਹਾਜ਼ਰ ਸਨ |