ਬੰਗਾ, 5 ਅਪ੍ਰੈਲ (ਧਰਮਵੀਰ ਪਾਲ)-ਹਾਲ ਹੀ ਵਿੱਚ ਭਾਜਪਾ ਵਿੱਚ ਅਕਾਲੀ ਦਲ ਦੇ ਕਈ ਪੰਥਕ ਲੀਡਰਾਂ ਨੇ ਸ਼ਮੂਲੀਅਤ ਕੀਤੀ ਹੈ | ਇਨ੍ਹਾਂ ਪੰਥਕ ਸਖਸ਼ੀਅਤਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਾਂ ਇੱਕ ਵੱਡਾ ਸਬੂਤ ਹੈ ਕਿ ਸਿੱਖਾਂ ਲਈ ਵੀ ਬੀ. ਜੇ. ਪੀ. ਆਪਣਾ ਘਰ ਬਣ ਚੁੱਕੀ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ ਨੇ ਕੈਨੇਡਾ ਤੋਂ ਪਰਤ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਤੋਂ ਸ. ਚਰਨਜੀਤ ਸਿੰਘ ਕਾਲੇਵਾਲ ਭਾਜਪਾ ਵਿੱਚ ਸ਼ਾਮਲ ਹੋਏ ਹਨ ਜੋ ਮੈਂਬਰ ਐੱਸ. ਜੀ. ਪੀ. ਸੀ. ਅਤੇ ਨੈਸ਼ਨਲ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਰਹੇ ਹਨ | ਇਸੇ ਤਰ੍ਹਾਂ ਰਮਨਦੀਪ ਸਿੰਘ ਭਰੋਵਾਲ ਨੇ ਭਾਜਪਾ ਵਿੱਚ ਆਪਣੀ ਸ਼ਮੂਲੀਅਤ ਕੀਤੀ ਹੈ ਜੋ ਸ਼੍ਰੋਮਣੀ ਅਕਾਲੀ ਦੱਲ ਦੇ 2011 ਤੋਂ 2014 ਤੱਕ ਨੈਸ਼ਨਲ ਜਨਰਲ ਸਕੱਤਰ ਰਹੇ ਅਤੇ ਹੁਣ ਤੱਕ ਨੈਸ਼ਨਲ ਵਾਈਸ ਪ੍ਰਧਾਨ ਅਤੇ ਸਟੇਟ ਡੈਲੀਗੇਟ ਰਹੇ | ਇਸੇ ਤਰ੍ਹਾਂ ਸ. ਭੁਪਿੰਦਰ ਸਿੰਘ ਟੀਟੂ ਨੇ ਭਾਜਪਾ 'ਤੇ ਵਿਸ਼ਵਾਸ ਕਰਕੇ ਭਾਜਪਾ ਜੁਆਇੰਨ ਕੀਤੀ ਹੈ | ਉਹ ਤਰਨਤਾਰਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਰਹੇ | ਇਸੇ ਤਰ੍ਹਾਂ ਤਰਸੇਮ ਸਿੰਘ ਛਾਪੜੀ ਵਾਈਸ ਪ੍ਰਧਾਨ, ਬੀ. ਸੀ. ਵਿੰਗ, ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਨਕੋਦਰ ਤੋਂ ਅਵਤਾਰ ਸਿੰਘ ਰਮੇਵਾਲ ਸੀਨੀਅਰ ਅਕਾਲੀ ਲੀਡਰ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਹੈ ਜਿਨ੍ਹਾਂ ਨੇ 2011 ਵਿੱਚ ਨਕੋਦਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ | ਸੰਜੀਵ ਭਾਰਦਵਾਜ ਨੇ ਕਿਹਾ ਕਿ ਇਨ੍ਹਾਂ ਪੰਥਕ ਆਗੂਆਂ ਦੇ ਭਾਜਪਾ ਵਿੱਚ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਸਿੱਖਾਂ ਦੀ ਅਸਲ ਹਮਦਰਦ ਹੈ ਜਿਨ੍ਹਾਂ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਫੜ੍ਹ ਕੇ ਜੇਲ੍ਹਾਂ ਵਿੱਚ ਸੁੱਟਿਆ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਤੇ ਭਾਜਪਾ ਹੀ ਪੰਜਾਬ ਵਿੱਚ ਸ਼ਾਂਤੀ ਅਤੇ ਪ੍ਰਦੇਸ਼ ਨੂੰ ਮੁੜ ਤਰੱਕੀ ਦੇ ਰਾਹ 'ਤੇ ਲਿਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਆਪਣੀ ਸਰਕਾਰ ਬਣਾਵੇਗੀ | ਉਨ੍ਹਾਂ ਨੇ ਉੱਘੇ ਸਿੱਖ ਚਿਹਰੇ ਅਤੇ ਆਪ ਆਗੂ ਐਚ. ਐਸ. ਫੂਲਕਾ ਦੇ ਭਾਜਪਾ ਵਿੱਚ ਸ਼ਾਮਲ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦਾ ਇੰਤਜ਼ਾਰ ਕਰੋ ਭਾਰਤੀ ਜਨਤਾ ਪਾਰਟੀ ਵਿੱਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕਈ ਕੱਦਵਾਰ ਚਿਹਰੇ ਸ਼ਾਮਲ ਹੋਣਗੇ |