ਮੁਕੇਰੀਆਂ, 18 ਅਪ੍ਰੈਲ (ਰਾਮਗੜ੍ਹੀਆ)- ਪੰਜਾਬ ਸਰਕਾਰ ਦੀ ਕੈਬਨਿਟ ਵਲੋਂ ਸਤਲੁਜ ਅਤੇ ਘੱਗਰ ਦਰਿਆ ਦੇ ਨਾਲ ਲੱਗਦੇ ਖੇਤਰਾਂ ਵਿਚ ਕਿਸਾਨਾਂ ਨੂੰ ਡੀਸਿਲਟਿੰਗ (ਗਾਰ ਕੱਢਣ) ਦੀ ਪ੍ਰਵਾਨਗੀ ਦੇਣ ਦੇ ਫ਼ੈਸਲੇ ਵਿਚ ਬਿਆਸ ਦਰਿਆ ਦਾ ਕੋਈ ਜ਼ਿਕਰ ਨਾ ਕਰਨਾ ਬੇਹੱਦ ਮੰਦਭਾਗਾ ਹੈ ਅਤੇ ਇਹ ਬਿਆਸ ਦਰਿਆ ਨਾਲ ਵੱਸਦੇ ਲੋਕਾਂ ਨਾਲ ਬੇਇਨਸਾਫ਼ੀ ਹੈ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਕਾਂਗਰਸ ਦੇ ਸੀਨੀਅਰ ਆਗੂ ਸ. ਸਰਬਜੋਤ ਸਿੰਘ ਸਾਬੀ ਵੱਲੋਂ ਬਿਆਸ ਦਰਿਆ ਤੇ ਵਸੇ ਪਿੰਡ ਨੌਸ਼ਹਿਰਾ ਪੱਤਣ ਦੇ ਦੌਰੇ ਦੌਰਾਨ ਕੀਤਾ ਗਿਆ | ਸਰਬਜੋਤ ਸਾਬੀ ਨੇ ਕਿਹਾ ਕਿ ਪਿਛਲੇ ਬਰਸਾਤ ਦੇ ਮੌਸਮ ਸਮੇਂ ਬਿਆਸ ਦਰਿਆ ਵਿਚ ਆਏ ਹੜ੍ਹਾਂ ਦੀ ਮਾਰ ਮੁਕੇਰੀਆਂ ਹਲਕੇ ਦੇ ਕਈ ਪਿੰਡਾਂ ਨੂੰ ਪਈ ਸੀ ਤੇ ਤਦ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਸੀ, ਉਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਰਾਹਤ ਦੇਣ ਦਾ ਵਾਅਦਾ ਵੀ ਕੀਤਾ ਗਿਆ ਸੀ ਲੇਕਿਨ ਉਹ ਵਾਅਦਾ ਅੱਜ ਤੱਕ ਨਹੀਂ ਪੁਗਾਇਆ ਗਿਆ | ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਦੌਰਾਨ ਜਦੋਂ ਵੀ ਜ਼ਿਆਦਾ ਮੀਂਹ ਪਿਆ ਤਾਂ ਇੱਕ ਵਾਰ ਫਿਰ ਬਿਆਸ ਦਰਿਆ ਤਬਾਹੀ ਮਚਾਏਗਾ, ਇਸ ਲਈ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਸਮਾਂ ਰਹਿੰਦਿਆਂ ਬਿਆਸ ਦਰਿਆ ਵਿਚ ਵੀ ਡੀਸਿਲਟਿੰਗ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਹੋ ਸਕੇ | ਸਰਬਜੋਤ ਸਾਬੀ ਨੇ ਅੱਗੇ ਕਿਹਾ ਕਿ ਬਿਆਸ ਦਰਿਆ ਵਿਚ ਗਾਰ ਜਮਾਂ ਹੋਣ ਕਾਰਨ ਦਰਿਆ ਦਾ ਤਲ ਉੱਚਾ ਹੋ ਚੁੱਕਾ ਹੈ, ਜਿਸ ਨਾਲ ਬਰਸਾਤ ਦੇ ਮੌਸਮ ਦੌਰਾਨ ਹੜ੍ਹ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਬਿਆਸ ਦਰਿਆ ਦੀ ਡੀਸਿਲਟਿੰਗ ਨਾ ਕੀਤੀ ਗਈ ਤਾਂ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਵੱਡੇ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰ ਪੰਜਾਬ ਦੀ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਗੇ | ਉਨ੍ਹਾਂ ਕਿਹਾ ਕਿ ਮੁਕੇਰੀਆਂ ਹਲਕੇ ਦੇ ਕਈ ਪਿੰਡ ਹਰ ਸਾਲ ਹੜ੍ਹਾਂ ਦੇ ਖ਼ਤਰੇ ਦਾ ਸਾਹਮਣਾ ਕਰਦੇ ਹਨ, ਪਰ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ | ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਰਾਜਨੀਤੀ ਦਾ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਅਤੇ ਭਵਿੱਖ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਬਿਆਸ ਦਰਿਆ ਦੇ ਹਾਲਾਤਾਂ ਦੀ ਸਮੀਖਿਆ ਕਰੇ ਅਤੇ ਡੀਸਿਲਟਿੰਗ ਲਈ ਵੱਖਰੀ ਯੋਜਨਾ ਤਿਆਰ ਕੀਤੀ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਮਾਮਲੇ ਨੂੰ ਹੋਰ ਵੱਡੇ ਪੱਧਰ 'ਤੇ ਉਠਾਇਆ ਜਾਵੇਗਾ | ਸਰਬਜੋਤ ਸਾਬੀ ਨੇ ਕਿਹਾ ਕਿ ਡੀਸਿਲਟਿੰਗ ਨਾਲ ਜਿੱਥੇ ਇੱਕ ਪਾਸੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ ਸਕਦੀ ਹੈ, ਉੱਥੇ ਹੀ ਦਰਿਆ ਦੇ ਪਾਣੀ ਦੇ ਬਹਾਅ ਨੂੰ ਵੀ ਸੁਚੱਜਾ ਬਣਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਪ੍ਰਤੀ ਸੰਜੀਦਗੀ ਦਿਖਾਉਣੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਨਾਲ ਬਲਬੀਰ ਸਿੰਘ, ਟੀਟਾ, ਨੰਬਰਦਾਰ ਬਲਜੀਤ ਸਿੰਘ ਨੀਟਾ, ਕੁਲਬੀਰ ਸਿੰਘ ਬੱਬਾ, ਮਨਮੋਹਨ ਸ਼ਰਮਾ, ਤੇਜਿੰਦਰ ਪਾਲ ਸਿੰਘ ਬੱਬਲ ਸਰਪੰਚ ਗੋਦੜਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ |