ਕੋਟਫ਼ਤੂਹੀ, 23 ਅਪ੍ਰੈਲ (ਅਵਤਾਰ ਸਿੰਘ ਅਟਵਾਲ)-ਬੀਤੇ ਦਿਨ ਦੁਪਹਿਰ ਢਾਈ ਕੁ ਵਜੇ ਦੇ ਕਰੀਬ ਪਿੰਡ ਝੱਜਾ ਦੇ ਖੇਤਾਂ ਵਿਚ ਬਿਜਲੀ ਦੀਆਂ ਨੀਵੀਂਆਂ ਤਾਰਾਂ ਦੇ ਆਪਸ 'ਚ ਉਲਝ ਜਾਣ ਨਾਲ ਤਾਰਾਂ ਟੁੱਟਣ 'ਤੇ ਚੰਗਿਆੜੀਆਂ ਨਿਕਲਣ ਨਾਲ ਲੱਗੀ ਅੱਗ ਨਾਲ 4 ਏਕੜ ਕਣਕ ਦੀ ਫ਼ਸਲ, ਢਾਈ ਏਕੜ ਨਾੜ ਤੇ 5 ਦੇ ਕਰੀਬ ਤੂੜੀ ਦੀਆਂ ਬਣਾ ਕੇ ਰੱਖੀਆਂ ਟਰਾਲੀਆਂ ਸੜ ਕੇ ਸੁਆਹ ਹੋ ਗਈਆਂ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਪਿੰਡ ਝੱਜਾਂ ਦੇ ਖੇਤਾਂ 'ਚੋਂ ਲੰਘਦੀਆਂ ਤਾਰਾਂ ਦੇ ਆਪਸ 'ਚ ਉਲਝ ਕੇ ਟੁੱਟ ਕੇ ਹੇਠਾਂ ਡਿੱਗਣ ਨਾਲ ਉਨ੍ਹਾਂ 'ਚੋਂ ਨਿਕਲੀਆਂ ਚੰਗਿਆੜੀਆਂ ਨਾਲ ਲੱਗੀ, ਜੋ ਦੁਪਹਿਰ ਸਮੇਂ ਤੇਜ਼ ਹਵਾ ਦੇ ਵਹਾਅ 'ਚ ਤੇਜ਼ੀ ਨਾਲ ਖੇਤਾਂ 'ਚ ਫੈਲ ਗਈ | ਅੱਗ ਨਾਲ ਮੱਖਣ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਝੱਜਾ ਦੀ ਚਾਰ ਏਕੜ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਸੁਆਹ ਹੋ ਗਈ | ਇਸ ਦੇ ਨਾਲ ਚਰਨਜੀਤ ਸਿੰਘ ਦੀ ਢਾਈ ਏਕੜ ਨਾੜ ਤੇ ਗੋਗੀ ਝੱਜਾ ਦੀ ਲਗਪਗ 5 ਦੇ ਕਰੀਬ ਤੂੜੀ ਦੀਆਂ ਬਣਾਈਆਂ ਟਰਾਲੀਆਂ ਵੀ ਸੜ ਗਈਆਂ | ਮੌਕੇ 'ਤੇ ਪਿੰਡ ਵਾਲਿਆਂ ਦੇ ਟਰੈਕਟਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਤੇ ਵੱਡਾ ਹਾਦਸਾ ਹੋਣੋਂ ਬਚਾਅ ਕੀਤਾ ਤੇ ਫਾਇਰਬਿ੍ਗੇਡ ਦੀ ਗੱਡੀ ਵੀ ਪਹੁੰਚੀ |