ਹੁਸ਼ਿਆਰਪੁਰ, 23 ਅਪ੍ਰੈਲ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਨੇ ਕਿੱਕ ਬਾਕਸਿੰਗ ਜੂਨੀਅਰ ਸਟੇਟ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਾਲਜ ਪਿ੍ੰਸੀਪਲ (ਪ੍ਰੋ:) ਡਾ: ਵਿਨੈ ਕੁਮਾਰ ਨੇ ਦੱਸਿਆ ਕਿ ਨਵਾਂਸ਼ਹਿਰ ਵਿਖੇ ਹੋਈ ਇਸ ਚੈਂਪੀਅਨਸ਼ਿਪ ਦੌਰਾਨ 50 ਕਿੱਲੋ ਤੋਂ ਘੱਟ ਭਾਰ ਵਰਗ 'ਚ ਜਾਨਵੀ ਨੇ ਸੋਨੇ ਤੇ ਚਾਂਦੀ ਦੇ ਤਗਮੇ ਪ੍ਰਾਪਤ ਕਰਕੇ ਫ਼ਰੀਦਾਬਾਦ ਵਿਖੇ ਹੋਣ ਵਾਲੇ 13ਵੇਂ ਰਾਸ਼ਟਰੀ ਟਰੇਨਿੰਗ ਕੈਂਪ 'ਚ ਆਪਣਾ ਸਥਾਨ ਪੱਕਾ ਕੀਤਾ | ਇਸੇ ਤਰ੍ਹਾਂ ਵਾਣੀ ਨੇ 55 ਕਿੱਲੋ ਤੋਂ ਘੱਟ ਭਾਰ ਵਰਗ 'ਚ ਚਾਂਦੀ ਅਤੇ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ | ਕਾਲਜੀਏਟ ਸਕੂਲ ਇੰਚਾਰਜ ਡਾ. ਰੂਪਾਕਸ਼ੀ ਬੱਗਾ ਅਤੇ ਸਪੋਰਟਸ ਵਿਭਾਗ ਮੁਖੀ ਡਾ. ਰਾਹੁਲ ਕਾਲੀਆ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਕਾਲਜ ਰਜਿਸਟਰਾਰ ਮੰਜ਼ੀਲ ਕੁਮਾਰ ਅਤੇ ਵਿਨੋਦ ਹਾਜ਼ਰ ਸਨ | ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ. ਐੱਮ. ਭੱਲਾ ਨੇ ਆਪਣੇ ਸੰਦੇਸ਼ 'ਚ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |