ਟਾਂਡਾ ਉੜਮੁੜ, 23 ਅਪ੍ਰੈਲ (ਭਗਵਾਨ ਸਿੰਘ ਸੈਣੀ)-ਕੈਂਬਰਿਜ ਅਰਥ ਸਕੂਲ ਟਾਂਡਾ ਵਿਖੇ ਵਿਸ਼ਵ ਅਰਥ ਡੇਅ ਮਨਾਇਆ ਗਿਆ | ਸਕੂਲ ਦੀ ਪੈ੍ਰਜ਼ੀਡੈਂਟ ਪੂਜਾ ਓਹਰੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਪਿ੍ੰਸੀਪਲ ਸ਼ਿਵਾਲੀ ਅਰੋੜਾ ਦੀ ਸੁਚੱਜੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਵਾਤਾਵਰਨ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ | ਇਸ ਮੌਕੇ ਵਿਦਿਆਰਥੀਆਂ ਨੂੰ ਅਰਥ ਡੇਅ ਦੇ ਇਤਿਹਾਸ, ਮਹੱਤਤਾ ਅਤੇ ਇਸ ਸਾਲ ਦੇ ਥੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਵਿਦਿਆਰਥੀਆਂ ਵੱਲੋਂ ਪੋਸਟਰ ਮੇਕਿੰਗ, ਸਲੋਗਨ ਲਿਖਣ, ਭਾਸ਼ਣ ਅਤੇ ਕਵਿਤਾ ਪਾਠ ਮੁਕਾਬਲਿਆਂ ਵਿਚ ਭਾਗ ਲਿਆ ਗਿਆ | ਕੁੱਝ ਵਿਦਿਆਰਥੀਆਂ ਨੇ ਛੋਟੇ ਨਾਟਕ ਅਤੇ ਸਕਿੱਟਾਂ ਰਾਹੀਂ ਵੀ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਪੇਸ਼ ਕੀਤਾ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਸਰਾਹਿਆ ਗਿਆ | ਸਕੂਲ ਪ੍ਰੰਗਣ ਵਿਚ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ | ਪਿ੍ੰਸੀਪਲ ਸ਼ਿਵਾਲੀ ਅਰੋੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਰਥ ਡੇ ਸਿਰਫ਼ ਇਕ ਦਿਨ ਮਨਾਉਣ ਲਈ ਨਹੀਂ, ਸਗੋਂ ਹਰ ਰੋਜ਼ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਦੀ ਸੰਭਾਲ ਕਰਨ ਦੀ ਯਾਦ ਦਿਵਾਉਂਦਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਸਮਾਜ ਵਿਚ ਵੀ ਵਾਤਾਵਰਨ ਬਚਾਉਣ ਦਾ ਸੁਨੇਹਾ ਫੈਲਾਉਣ | ਸਮਾਗਮ ਦੇ ਅੰਤ ਵਿਚ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਇਹ ਸੰਕਲਪ ਲਿਆ ਗਿਆ ਕਿ ਉਹ ਧਰਤੀ ਨੂੰ ਸਾਫ਼-ਸੁਥਰਾ ਅਤੇ ਹਰਾ-ਭਰਾ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸੁੰਦਰ ਤੇ ਸੁਰੱਖਿਅਤ ਵਾਤਾਵਰਨ ਛੱਡਣ ਵਿਚ ਆਪਣਾ ਯੋਗਦਾਨ ਪਾਉਣਗੇ |