ਹੁਸ਼ਿਆਰਪੁਰ, 24 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਜ਼ਿਲ੍ਹਾ ਪੱਧਰ 'ਤੇ ਬਣਾਏ ਗਏ ਈ.ਵੀ.ਐੱਮ. ਵੇਅਰਹਾਊਸ ਦੀ ਬਿਨਾਂ ਖੋਲ੍ਹੇ ਮਾਸਿਕ ਜਾਂਚ ਕੀਤੀ ਗਈ | ਜਾਂਚ ਪ੍ਰਕਿਰਿਆ ਦੌਰਾਨ ਸਾਰੇ ਸਬੰਧਤ ਰਿਕਾਰਡ, ਲਾਗਬੁੱਕ ਅਤੇ ਐਂਟਰੀ ਰਜਿਸਟਰਾਂ ਦੀ ਵੀ ਜਾਂਚ ਕੀਤੀ ਗਈ | ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਈਵੀਐਮ ਵੇਅਰਹਾਊਸ ਦੀ ਮਾਸਿਕ ਜਾਂਚ ਇੱਕ ਨਿਯਮਿਤ ਅਤੇ ਲਾਜ਼ਮੀ ਪ੍ਰਕਿਰਿਆ ਹੈ | ਇਸ ਦਾ ਮਕਸਦ ਚੋਣ ਪ੍ਰਕਿਰਿਆ ਦੀ ਨਿਰਪੱਖਤਾ, ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਬਰਕਰਾਰ ਰੱਖਣਾ ਹੈ | ਉਨ੍ਹਾਂ ਸੰਤੋਸ਼ ਜਤਾਇਆ ਕਿ ਜ਼ਿਲ੍ਹੇ ਵਿੱਚ ਵੇਅਰਹਾਊਸ ਦੀ ਵਿਵਸਥਾ ਉੱਚਤਮ ਮਿਆਰਾਂ ਦੇ ਅਨੁਸਾਰ ਪਾਈ ਗਈ ਹੈ | ਇਸ ਦੌਰਾਨ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੂਥ ਲੈਵਲ ਏਜੰਟ (ਬੀਐਲਏ) ਨਿਯੁਕਤ ਕਰਨ ਦੀ ਅਪੀਲ ਵੀ ਕੀਤੀ | ਇਸ ਮੌਕੇ ਆਮ ਆਦਮੀ ਪਾਰਟੀ ਤੋਂ ਜੈ ਰਾਮ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਜਨੀਸ਼ ਟੰਡਨ, ਭਾਜਪਾ ਤੋਂ ਭੂਸ਼ਣ ਕੁਮਾਰ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਤੋਂ ਜਗਤਾਰ ਸਿੰਘ, ਸੀ.ਪੀ.ਆਈ. (ਐੱਮ) ਤੋਂ ਬਲਵਿੰਦਰ ਸਿੰਘ ਤੋਂ ਇਲਾਵਾ ਸਹਾਇਕ ਨੋਡਲ ਅਫ਼ਸਰ ਰੁਪਿੰਦਰ ਪਾਲ ਸਿੰਘ, ਚੋਣ ਕਾਨੂੰਨਗੋ ਦੀਪਕ ਕੁਮਾਰ ਤੇ ਲਖਵੀਰ ਸਿੰਘ ਮੌਜੂਦ ਸਨ |