ਦਸੂਹਾ, 25 ਅਪ੍ਰੈਲ (ਕੌਸ਼ਲ)- ਹਲਕਾ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਨਾਗਰਾ ਦੇ ਵਿਕਾਸ ਲਈ ਵੱਡਾ ਕਦਮ ਚੁੱਕਦੇ ਹੋਏ 2 ਲੱਖ ਰੁਪਏ ਦੀ ਗਰਾਂਟ ਪੰਚਾਇਤ ਨੂੰ ਚੈੱਕ ਰੂਪ ਵਿਚ ਸੌਂਪੀ ਗਈ | ਇਸ ਗਰਾਂਟ ਨਾਲ ਪਿੰਡ ਵਿਚ ਚੱਲ ਰਹੇ ਅਤੇ ਆਉਣ ਵਾਲੇ ਵਿਕਾਸ ਕਾਰਜਾਂ ਨੂੰ ਨਵੀਂ ਗਤੀ ਮਿਲੇਗੀ, ਜਿਸ ਨਾਲ ਪਿੰਡ ਵਾਸੀਆਂ ਨੂੰ ਆਧੁਨਿਕ ਸੁਵਿਧਾਵਾਂ ਪ੍ਰਾਪਤ ਹੋਣਗੀਆਂ | ਇਸ ਮੌਕੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਹਰ ਪਿੰਡ ਨੂੰ ਮੂਲ ਭੂਤ ਸੁਵਿਧਾਵਾਂ ਨਾਲ ਜੋੜਨਾ, ਉਨ੍ਹਾਂ ਦੀ ਪ੍ਰਾਥਮਿਕਤਾ ਹੈ | ਉਨ੍ਹਾਂ ਨੇ ਦੱਸਿਆ ਕਿ ਨਾਗਰਾ ਪਿੰਡ ਵਿਚ ਇਸ ਗਰਾਂਟ ਦੇ ਨਾਲ ਗਲੀਆਂ, ਨਾਲੀਆਂ, ਸਫ਼ਾਈ ਪ੍ਰਬੰਧ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਵਿਚ ਸੁਧਾਰ ਕੀਤਾ ਜਾਵੇਗਾ, ਤਾਂ ਜੋ ਲੋਕਾਂ ਦੀ ਜੀਵਨ ਸ਼ੈਲੀ ਵਿਚ ਸੁਧਾਰ ਆ ਸਕੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਨਾਲ ਖੜੇ ਹਨ ਅਤੇ ਜਿੱਥੇ ਵੀ ਵਿਕਾਸ ਦੀ ਲੋੜ ਹੋਵੇਗੀ, ਉੱਥੇ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ | ਪਿੰਡਾਂ ਨੂੰ ਮਾਡਲ ਪਿੰਡ ਬਣਾਉਣ ਦੇ ਉਦੇਸ਼ ਨਾਲ ਲਗਾਤਾਰ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਪੰਚਾਇਤ ਨਾਗਰਾ ਦੇ ਸਰਪੰਚ ਦਲਜੀਤ ਕੌਰ ਨੇ ਵਿਧਾਇਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਰਕਮ ਪਿੰਡ ਦੇ ਵਿਕਾਸ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ | ਪੰਚ ਦਵਿੰਦਰਜੀਤ ਕੌਰ, ਜਸਵੀਰ ਸਿੰਘ, ਸਰਵਣ ਸਿੰਘ ਅਤੇ ਤਰਲੋਚਨ ਸਿੰਘ ਨੇ ਵੀ ਇਸ ਗਰਾਂਟ ਲਈ ਆਭਾਰ ਜਤਾਇਆ ਅਤੇ ਕਿਹਾ ਕਿ ਪੰਚਾਇਤ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਰਕਮ ਦਾ ਸਹੀ ਅਤੇ ਪਾਰਦਰਸ਼ੀ ਢੰਗ ਨਾਲ ਇਸਤੇਮਾਲ ਹੋਵੇ | ਇਸ ਸਮੇਂ ਪਿੰਡ ਦੇ ਕਈ ਮਾਣਯੋਗ ਵਿਅਕਤੀ ਅਤੇ ਵਾਸੀ ਮੌਜੂਦ ਸਨ, ਜਿਨ੍ਹਾਂ ਨੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਨਾਲ ਪਿੰਡ ਨਾਗਰਾ ਵਿਚ ਵਿਕਾਸ ਦੀ ਨਵੀਂ ਲਹਿਰ ਆਵੇਗੀ |