ਟਾਂਡਾ ਉੜਮੁੜ, 27 ਅਪੈ੍ਰਲ (ਭਗਵਾਨ ਸਿੰਘ ਸੈਣੀ)-ਸਟੇਟ ਸੈਕਟਰੀ ਕਿਸਾਨ ਵਿੰਗ ਪੰਜਾਬ ਅਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਹਰਮੀਤ ਸਿੰਘ ਔਲਖ ਵਲੋਂ ਦਾਣਾ ਮੰਡੀ ਟਾਂਡਾ ਅਧੀਨ ਪੈਦੀਆਂ ਪਿੰਡ ਨੱਥੂਪੁਰ, ਜਲਾਲਪੁਰ ਅਤੇ ਮਿਆਣੀ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਤੇ ਆੜਤੀਆਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਆੜਤੀਆਂ ਵਲੋਂ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਦੇ ਕੰਮ ਵਿਚ ਆ ਰਹੀ ਦਿੱਕਤਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ 'ਤੇ ਹਰਮੀਤ ਸਿੰਘ ਔਲਖ ਨੇ ਤੁਰੰਤ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਲਿਫਟਿੰਗ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦਾ ਭਰੋਸਾ ਦਿੱਤਾ | ਉਨ੍ਹਾਂ ਦੇ ਦਖ਼ਲ ਤੋਂ ਬਾਅਦ ਮੰਡੀਆਂ ਵਿਚ ਲਿਫਟਿੰਗ ਸ਼ੁਰੂ ਕਰਵਾਈ ਗਈ ਅਤੇ ਇਸ ਦੀ ਗਤੀ ਵਿਚ ਤੇਜ਼ੀ ਵੀ ਲਿਆਂਦੀ ਗਈ | ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਦੀਆਂ ਅਦਾਇਗੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ਅਤੇ ਫਸਲ ਮੰਡੀ ਵਿਚੋਂ ਚੁੱਕੀ ਜਾ ਰਹੀ ਹੈ | ਕਿਸਾਨਾਂ ਦੇ ਖਾਤਿਆਂ ਵਿਚ ਭੁਗਤਾਨ ਸਿੱਧਾ ਜਮ੍ਹਾਂ ਹੋ ਰਿਹਾ ਹੈ, ਜਿਸ ਨਾਲ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ | ਇਸ ਮੌਕੇ ਹਰਮੀਤ ਸਿੰਘ ਔਲਖ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰੱਖਿਆ ਕਰ ਰਹੀ ਹੈ ਅਤੇ ਕਣਕ ਦੇ ਇਕ-ਇਕ ਦਾਣੇ ਦੀ ਖਰੀਦ ਯਕੀਨੀ ਬਣਾਈ ਜਾਵੇਗੀ | ਉਨ੍ਹਾਂ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਇਸ ਮੌਕੇ ਗੁਰਵਿੰਦਰ ਸਿੰਘ ਲਾਲੀ, ਸੰਜੀਵ ਕੁਮਾਰ ਵਿੱਕੀ, ਜੋਗਾ ਕੰਗ, ਪਰਮਜੀਤ ਗਿੱਲਾਂ, ਜਸਬੀਰ ਪਸਵਾਲਾ, ਨਿਰਮਲ ਸਿੰਘ, ਮਨਜੀਤ ਸਿੰਘ ਬੱਬੂ ਨੰਗਲੀ, ਗੌਰਵ, ਸੁਖਵਿੰਦਰ ਸਿੰਘ, ਬਚਿੰਤ ਸਿੰਘ ਤੇ ਸਾਹਿਬ ਸਿੰਘ ਆਦਿ ਹਾਜ਼ਰ ਸਨ |