ਹੁਸ਼ਿਆਰਪੁਰ, 1 ਮਈ (ਬਲਜਿੰਦਰਪਾਲ ਸਿੰਘ)-ਸਵ. ਅਨਿਲ ਚੋਪੜਾ ਦੀ ਯਾਦ 'ਚ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਟਿਊਸ਼ਨਜ ਦੇ 18ਵੇਂ 'ਫਾਊਾਡੇਸ਼ਨ ਡੇਅ' ਮੌਕੇ ਲਗਪਗ 9 ਵੱਖ-ਵੱਖ ਸੰਸਥਾਵਾਂ ਨੂੰ 7 ਲੱਖ ਰੁਪਏ ਦਾਨ ਵਜੋਂ ਦਿੱਤੇ ਗਏ | ਇਸ ਸਬੰਧੀ ਕਰਵਾਏ ਸਮਾਗਮ ਦੌਰਾਨ ਵਾਇਸ ਚੇਅਰਪਰਸਨ ਸੰਗੀਤਾ ਚੋਪੜਾ, ਰਾਜਨ ਚੋਪੜਾ ਤੇ ਪਿ੍ੰਸ ਚੋਪੜਾ ਵਲੋਂ ਗਰੁੱਪ ਦੇ ਫਾਊਾਡਰ ਸਵ. ਆਰ.ਸੀ. ਚੋਪੜਾ, ਸਵ. ਸ਼ਾਂਤਾ ਚੋਪੜਾ ਤੇ ਸਵ. ਅਨਿਲ ਚੋਪੜਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ | ਇਸ ਉਪਰੰਤ ਅੰਧ ਵਿਦਿਆਲਾ, ਪਿੰਗਲਾ ਘਰ, ਕੁਸ਼ਟ ਆਸ਼ਰਮ, ਅਪਾਹਜ ਆਸ਼ਰਮ, ਨਾਰੀ ਨਿਕੇਤਨ, ਯੂਨੀਕ ਹੋਮ, 13-13 ਹੱਟੀ, ਆਖ਼ਰੀ ਉਮੀਦ, ਸ਼ਿਵ ਪੁਰੀ ਮਾਡਲ ਟਾਊਨ ਆਦਿ ਸੰਸਥਾਵਾਂ ਨੂੰ 7 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਗਈ | ਇਸ ਮੌਕੇ ਮੈਡਮ ਚੋਪੜਾ ਨੇ ਕਿਹਾ ਕਿ ਦਾਨ ਦੀ ਇਹ ਰਿਵਾਇਤ ਭਵਿੱਖ ਵਿਚ ਵੀ ਜਾਰੀ ਰਹੇਗੀ | ਹਰ ਸਾਲ 26 ਅਪ੍ਰੈਲ ਨੂੰ ਸਵ. ਅਨਿਲ ਚੋਪੜਾ ਦੇ ਜਨਮਦਿਨ ਮੌਕੇ ਇਹ ਰਾਸ਼ੀ ਦਾਨ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਗਰੁੱਪ ਹਮੇਸ਼ਾ ਇਨ੍ਹਾਂ ਸੰਸਥਾਵਾਂ ਨਾਲ ਖੜ੍ਹਾ ਰਹੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਗਰੁੱਪ ਹੁਣ ਤੱਕ ਲਗਪਗ 2 ਕਰੋੜ ਰੁਪਏ ਦੀ ਰਾਸ਼ੀ ਦਾਨ ਕਰ ਚੁੱਕਾ ਹੈ | ਇਸ ਤੋਂ ਇਲਾਵਾ ਗਰੁੱਪ ਵਲੋਂ ਚਲਾਈ ਜਾ ਰਹੀ ਮਾ: ਰਾਜਕੰਵਰ ਚੋਪੜਾ ਸਕਾਲਰਸ਼ਿਪ ਸਕੀਮ ਤਹਿਤ ਹੋਣਹਾਰ ਜ਼ਰੂਰਤਮੰਦ ਵਿਦਿਆਰਥੀ 3 ਕਰੋੜ ਰੁਪਏ ਤੋਂ ਵੱਧ ਦੀ ਪੜ੍ਹਾਈ ਦਾ ਲਾਭ ਲੈ ਰਹੇ ਹਨ |