ਹੁਸ਼ਿਆਰਪੁਰ, 1 ਮਈ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਵਿਸ਼ਵ ਰੈੱਡ ਕਰਾਸ ਦਿਵਸ 2026 ਦੇ ਮੌਕੇ 'ਤੇ ਪ੍ਰੋਜੈਕਟ ਰੌਸ਼ਨੀ ਤਹਿਤ ਬੱਚਿਆਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਅਤੇ ਡੀ.ਐੱਮ.ਸੀ. ਲੁਧਿਆਣਾ ਦੇ ਸਾਂਝੇ ਸਹਿਯੋਗ ਨਾਲ 8 ਮਈ ਨੂੰ ਸਵੇਰੇ 09:00 ਵਜੇ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਨੇੜੇ ਸ਼ਿਮਲਾ ਪਹਾੜੀ ਚੌਕ, ਮਾਲ ਰੋਡ, ਹੁਸ਼ਿਆਰਪੁਰ ਵਿਖੇ ਮੁਫ਼ਤ ਅੱਖਾਂ ਦਾ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਕੈਂਪ ਦੌਰਾਨ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿਚ ਵਧ ਰਹੀਆਂ ਅੱਖਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਡੀ.ਐਮ.ਸੀ. ਲੁਧਿਆਣਾ ਦੇ ਮਾਹਿਰ ਡਾਕਟਰਾਂ ਵੱਲੋਂ ਚੈੱਕਅਪ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਜਾਂਚ ਉਪਰੰਤ ਜਿਹੜੇ ਬੱਚੇ ਜੋ ਆਰਥਿਕ ਕਮਜ਼ੋਰੀ ਦੇ ਚੱਲਦਿਆਂ ਅਪਰੇਸ਼ਨ ਕਰਵਾਉਣ ਵਿਚ ਅਸਮਰਥ ਹੋਣਗੇ, ਦੀ ਸਰਜਰੀ, ਡੀ.ਐੱਮ.ਸੀ., ਲੁਧਿਆਣਾ ਵਲੋਂ ਬਿਲਕੁਲ ਮੁਫ਼ਤ ਕੀਤੀ ਜਾਵੇਗੀ |