ਹੁਸ਼ਿਆਰਪੁਰ, 4 ਮਈ (ਹਰਪ੍ਰੀਤ ਕੌਰ)-ਜੇਕਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਹੁਸ਼ਿਆਰਪੁਰ ਸਥਿਤ ਸ੍ਰੀ ਵਾਲਮੀਕਿ ਆਸ਼ਰਮ ਨੂੰ ਅੰਮਿ੍ਤਸਰ ਦੀ ਤਰਜ਼ 'ਤੇ ਵਿਕਸਿਤ ਕਰਕੇ ਦੁਆਬਾ ਖੇਤਰ ਦਾ ਇਕ ਪ੍ਰਮੁੱਖ ਧਾਰਮਿਕ ਕੇਂਦਰ ਬਣਾਇਆ ਜਾਵੇਗਾ | ਇਸ ਨਾਲ ਹੁਸ਼ਿਆਰਪੁਰ ਵਿਚ ਧਾਰਮਿਕ ਟੂਰਿਜ਼ਮ ਨੂੰ ਵੀ ਵੱਡਾ ਵਾਧਾ ਮਿਲੇਗਾ | ਇਹ ਗੱਲਾਂ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਵਾਰਡ ਨੰਬਰ 48 ਦੀ ਪ੍ਰਧਾਨ ਵੀਨਾ ਆਦੀਆ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਹੀਆਂ | ਤਲਵਾੜ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਵਾਲਮੀਕਿ ਭਾਈਚਾਰੇ ਦਾ ਸਤਿਕਾਰ ਕੀਤਾ ਹੈ | ਉਨ੍ਹਾਂ ਨੇ ਯਾਦ ਕਰਵਾਇਆ ਕਿ ਹੁਸ਼ਿਆਰਪੁਰ ਦੇ ਅੰਤਰਰਾਜੀ ਬੱਸ ਅੱਡੇ ਦਾ ਨਾਂਅ 'ਮਹਾਰਿਸ਼ੀ ਵਾਲਮੀਕਿ' ਦੇ ਨਾਂਅ 'ਤੇ ਰੱਖਣਾ ਇਸ ਦੀ ਵੱਡੀ ਮਿਸਾਲ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ. ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ, ਪੱਛੜੀਆਂ ਸ੍ਰੇਣੀਆਂ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਕਲਸੀ, ਅਨੁਸੂਚਿਤ ਜਾਤੀ ਮੋਰਚਾ ਦੇ ਸ਼ਹਿਰੀ ਪ੍ਰਧਾਨ ਸੰਜੀਵ ਥਾਪਰ, ਕੁਸ਼ ਕੁਮਾਰ, ਨਰਵੀਰ ਸਿੱਧੂ, ਵੇਦ ਰਾਜ ਆਦੀਆ, ਕੁਸਮ ਲਤਾ, ਪਰਵੀਨ ਕੁਮਾਰ ਤੇ ਹੇਮ ਲਤਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਪ੍ਰੋਗਰਾਮ ਦੌਰਾਨ ਵੱਡੀ ਗਿਣਤੀ 'ਚ ਮਹਿਲਾਵਾਂ ਨੇ ਹਿੱਸਾ ਲਿਆ ਅਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰਨ ਦਾ ਸੰਕਲਪ ਵੀ ਲਿਆ |