ਮਾਹਿਲਪੁਰ, 12 ਮਈ (ਰਜਿੰਦਰ ਸਿੰਘ)-ਪਿੰਡ ਟੂਟੋਮਜਾਰਾ ਵਿਖੇ ਅਣਪਛਾਤੇ ਚੋਰਾਂ ਵਲੋਂ ਇਕ ਘਰ 'ਚੋਂ 40000 ਰੁਪਏ ਦੇ ਕਰੀਬ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਏ | ਜਾਣਕਾਰੀ ਅਨੁਸਾਰ ਬੱਲੂ ਪੁੱਤਰ ਸੁੰਦਰ ਸਿੰਘ ਵਾਸੀ ਟੂਟੋਮਜਾਰਾ ਨੇ ਦੱਸਿਆ ਕਿ ਬੀਤੀ ਸ਼ਾਮ 5 ਕੁ ਵਜੇ ਮੇਰੀ ਪਤਨੀ ਪੂਜਾ ਅੱਡਾ ਟੂਟੋਮਜਾਰਾ ਦੁਕਾਨ ਤੋਂ ਘਰੇਲੂ ਸਾਮਾਨ ਲੈਣ ਗਈ ਸੀ ਤੇ ਪੰਦਰਾਂ ਕੁ ਮਿੰਟਾਂ ਬਾਅਦ ਜਦੋਂ ਘਰ ਪਰਤੀ ਤਾਂ ਘਰ ਦੇ ਮੇਨ ਗੇਟ ਦਾ ਕੁੰਡਾ ਟੁੱਟਾ ਹੋਇਆ ਸੀ ਤੇ ਮੈਂ ਅੰਦਰ ਜਾ ਕੇ ਦੇਖਿਆ ਤਾਂ ਬਾਕਸ ਬੈੱਡ ਖੁੱਲਿ੍ਹਆ ਹੋਇਆ ਸੀ | ਉਨ੍ਹਾਂ ਦੱਸਿਆ ਕਿ ਘਰ 'ਚੋਂ ਚਾਲੀ ਹਜ਼ਾਰ ਰੁਪਏ, ਸੋਨੇ ਤੇ ਚਾਂਦੀ ਦੇ ਗਹਿਣੇ ਤੇ ਇਕ ਕੀਮਤੀ ਮੋਬਾਈਲ ਗ਼ਾਇਬ ਸੀ | ਉਸ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਘਰਾਂ 'ਚ ਟਾਈਲਾਂ ਲਗਾਉਣ ਦਾ ਕੰਮ ਕਰਦਾ ਹੈ, ਉਹ ਕੁਝ ਦਿਨ ਪਹਿਲਾਂ ਲੇਬਰ ਨੂੰ ਪੇਮੈਂਟ ਕਰਨ ਲਈ ਮਾਲਕਾਂ ਤੋਂ ਚਾਲੀ ਹਜ਼ਾਰ ਰੁਪਏ ਲੈ ਕੇ ਆਇਆ ਸੀ | ਇਸ ਸੰਬੰਧੀ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ |
ਘਰ 'ਚੋਂ 40000 ਦੀ ਨਕਦੀ ਤੇ ਗਹਿਣੇ ਚੋਰੀ
ਅਜੀਤ ਡੈਸਕ
13-05-2026