ਬਾਜਾਖਾਨਾ, 12 ਮਈ (ਜੀਵਨ ਗਰਗ)-ਨੇੜਲੇ ਪਿੰਡ ਰੋਮਾਣਾ ਅਜੀਤ ਸਿੰਘ ਦੇ ਨਹਿਰੀ ਪਾਣੀ ਤੋਂ ਵਾਂਝੇ ਕਿਸਾਨਾਂ ਨੇ ਇੱਕਠੇ ਹੋ ਕਿ ਆਪਣੀ ਨਹਿਰੀ ਪਾਣੀ ਨੂੰ ਆਪਣੇ ਖੇਤਾਂ ਤੱਕ ਨਾ ਪਹੁੰਚਣ ਦੀ ਸਮੱਸਿਆ ਸਬੰਧੀ ਦੱਸਿਆ ਕਿ ਦੇਸ਼ ਆਜ਼ਾਦ ਹੋਏ ਨੂੰ 79 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਪ੍ਰੰਤੂ ਉਨ੍ਹਾਂ ਦੇ ਖੇਤਾਂ ਤੱਕ ਅਜੇ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਸਕਿਆ | ਇਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਭਦੌੜ ਰਜਬਾਹੇ ਦੀ ਨਿਉਰ ਸ਼ਾਖਾ 'ਚ ਪੈਂਦੀਆਂ ਹਨ | ਸਾਬਕਾ ਸਰਪੰਚ ਪਰਵਿੰਦਰ ਸਿੰਘ ਅਤੇ ਕਾਮਰੇਡ ਗੁਰਤੇਜ ਸਿੰਘ ਨੇ ਦੱਸਿਆ ਕਿ ਇਹ ਜ਼ਮੀਨਾਂ ਪਹਿਲਾਂ ਮੋਘਾ ਨੰਬਰ 17802 ਨਿਊਰ ਮਾਈਨਰ 'ਚ ਪੈਂਦੀਆਂ ਸਨ | ਇਹ ਕਿਸਾਨ ਉਸ ਸਮੇਂ ਵੀ ਨਹਿਰੀ ਪਾਣੀ ਤੋਂ ਵਾਂਝੇ ਸਨ | ਉਸ ਬਾਅਦ ਇਹ ਮੋਘਾ ਨੰਬਰ 11898 ਨਿਊਰ ਮਾਈਨਰ 'ਚ ਸ਼ਾਮਿਲ ਕਰ ਦਿੱਤੀਆਂ ਇਹ ਨਵਾਂ ਮੋਘਾ 400 ਏਕੜ ਦੇ ਕਰੀਬ ਜ਼ਮੀਨ ਸਿੰਚਾਈ ਲਈ ਲੱਗਾ ਸੀ | ਜਦੋਂ ਕਿ ਹੁਣ ਵੀ ਇਹ 100 ਏਕੜ ਜ਼ਮੀਨ ਅਜੇ ਵੀ ਨਹਿਰੀ ਪਾਣੀ ਤੋਂ ਵਾਂਝਾ ਹੈ | ਇਸ ਰਕਬੇ 'ਚ ਬਹੁਤ ਥੋੜੀ ਜ਼ਮੀਨ ਡੇਢ ਦੋ ਏਕੜ ਜ਼ਮੀਨ ਵਾਲੇ ਕਿਸਾਨ ਸ਼ਾਮਿਲ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਪਿਛਲੇ ਚਾਰ ਸਾਲ ਤੋਂ ਲੈ ਕੇ ਨਹਿਰੀ ਪਾਣੀ ਸਬੰਧੀ ਵੱਡੇ ਵੱਡੇ ਵਾਅਦੇ ਕਰ ਹੈ ਪ੍ਰੰਤੂ 2009 ਤੋਂ ਲੈ ਕੇ ਨਹਿਰੀ ਵਿਭਾਗ ਸਰਕਾਰ ਤੱਕ ਨਹਿਰੀ ਪਾਣੀ ਸਬੰਧੀ ਬਹੁਤ ਕੋਸ਼ਿਸ ਤੇ ਅਪੀਲਾਂ ਕੀਤੇ ਜਾਣ ਦੇ ਬਾਵਜੂਦ ਕਿਸਾਨ ਦੀ ਇਹ ਮੁਸ਼ਕਿਲ ਜਿਉਂ ਤਿਉਂ ਹੈ | ਜਦੋਂ ਕਿ ਨਹਿਰੀ ਵਿਭਾਗ ਨਹਿਰੀ ਕਾਨੂੰਨ 30 ਡੀ ਦੇ ਅਧੀਨ ਕਿਸਾਨ ਨਹਿਰੀ ਪਾਣੀ ਦੀ ਸਿੰਚਾਈ ਲਈ ਬਣਨ ਵਾਲੇ ਖਾਲ੍ਹਾਂ ਦੇ 129700 ਰੁਪਏ ਸਰਕਾਰ ਨੂੰ ਭਰ ਚੁੱਕੀ ਹੈ ਇਸ ਦੇ ਬਾਵਜੂਦ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਗਈ | ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਛੋਟੇ ਕਿਸਾਨਾਂ ਨੂੰ ਕਾਫ਼ੀ ਢਾਅ ਲੱਗ ਰਹੀ ਹੈ | ਜਦੋਂ ਕਿ ਕਾਗਜ਼ਾਂ 'ਚ ਕਿਸਾਨਾਂ ਦੀ ਨਹਿਰੀ ਪਾਣੀ ਦੀਆਂ ਵਾਰੀਆਂ ਚੱਲ ਰਹੀ ਹਨ ਜਦੋਂ ਕਿ ਛੋਟੇ ਕਿਸਾਨਾਂ ਦਾ ਨਹਿਰੀ ਪਾਣੀ ਪਿਛਲੇ 17 ਸਾਲ ਤੋਂ ਵਿਅਰਥ ਜਾ ਰਿਹਾ ਹੈ | ਕਿਸਾਨਾਂ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਜੇਕਰ ਮੌਜੂਦਾ ਸਰਕਾਰ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਆਪਣੀਆਂ ਹੱਕੀ ਮੰਗਾਂ ਲਈ ਸੜ੍ਹਕਾਂ 'ਤੇ ਉਤਰਣ ਲਈ ਮਜਬੂਰ ਹੋਣਗੇ | ਇਸ ਮੌਕੇ ਮਾ. ਹਰਦੇਵ ਸਿੰਘ, ਅੰਮਿ੍ਤਪਾਲ ਸਿੰਘ ਪੰਚ, ਮਨਪ੍ਰੀਤ ਸਿੰਘ, ਬੇਘਾ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਨਿੰਟੂ, ਕੇਵਲ ਸਿੰਘ, ਵਜ਼ੀਰ ਸਿੰਘ, ਜਗਸੀਰ ਸਿੰਘ, ਬਲਦੇਵ ਸਿੰਘ, ਪਰਗਟ ਸਿੰਘ, ਹਰਬੰਸ ਸਿੰਘ, ਸ਼ਵਿੰਦਰਪਾਲ ਸਿੰਘ, ਬੇਅੰਤ ਸਿੰਘ, ਜਗਮੀਤ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ |