ਰਾਮਗੜ੍ਹ ਸੀਕਰੀ, 14 ਮਈ (ਕਟੋਚ)- ਸਰਕਾਰੀ ਹਾਈ ਸਕੂਲ ਬੇਡਿੰਗ ਦੇ ਹੋਣਹਾਰ ਵਿਦਿਆਰਥੀ ਅਰਮਾਨ ਪੁੱਤਰ ਸੁਸ਼ੀਲ ਕੁਮਾਰ ਨੇ ਕੌਮੀ ਪੱਧਰ ਦੀ ਐਨ. ਐਮ. ਐਮ. ਐਸ. ਪ੍ਰੀਖਿਆ ਪਾਸ ਕਰਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪ੍ਰਮੁੱਖ ਯੋਗੇਸ਼ ਕੁਮਾਰ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਮੀ ਪੱਧਰ ਦੀ ਉਕਤ ਪ੍ਰੀਖਿਆ ਪਾਸ ਕਰਕੇ ਹੋਣਹਾਰ ਵਿਦਿਆਰਥੀ ਅਰਮਾਨ ਦੇ ਸਰਕਾਰ ਵਲੋਂ ਮਿਲਣ ਵਾਲੇ ਵਜ਼ੀਫ਼ੇ ਲਈ ਖ਼ੁਦ ਦੀ ਦਾਅਵੇਦਾਰੀ ਬਾਖ਼ੂਬੀ ਪੇਸ਼ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਦਿਆਰਥੀ ਨੂੰ ਉਸ ਦੀ 12ਵੀਂ ਜਮਾਤ ਤੱਕ ਦੀ ਪੜ੍ਹਾਈ ਤੱਕ ਸਰਕਾਰ ਵਲੋਂ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਵਜ਼ੀਫ਼ਾ ਮਿਲੇਗਾ ਜਿਸ ਨਾਲ ਮਾਪਿਆਂ ਨੂੰ ਇਸ ਵਿਦਿਆਰਥੀ ਦੀ ਪੜ੍ਹਾਈ ਵਿਚ ਸਰਕਾਰ ਵਲੋਂ ਆਰਥਿਕ ਸਹਿਯੋਗ ਮਿਲੇਗਾ | ਵਿਦਿਆਰਥੀ ਦੀ ਇਸ ਮਾਣਮੱਤੀ ਉਪਲਬਧੀ ਦਾ ਸਿਹਰਾ ਸਮੁੱਚੇ ਸਟਾਫ਼ ਨੂੰ ਦਿੰਦਿਆਂ ਸਕੂਲ ਪ੍ਰਮੁੱਖ ਯੋਗੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਸਟੀਕ ਅਤੇ ਦਮਦਾਰ ਮਾਰਗ ਦਰਸ਼ਨ ਦੀ ਬਦੌਲਤ ਹੀ ਵਿਦਿਆਰਥੀ ਨੇ ਉਕਤ ਪ੍ਰੀਖਿਆ ਪਾਸ ਕੀਤੀ ਹੈ | ਇਸ ਮੌਕੇ ਮੈਡਮ ਨਿਸ਼ੀ ਬਾਲਾ, ਸ਼ਿਲਪਾ ਠਾਕੁਰ, ਨਰੇਸ਼ ਕੁਮਾਰੀ, ਵਿਪਨ ਕੁਮਾਰ, ਮੁਨੀਸ਼ ਸ਼ਰਮਾ, ਗੌਰਵ ਕੁਮਾਰ ਅਤੇ ਜਗਮੋਹਨ ਪਰਮਾਰ ਆਦਿ ਵੀ ਹਾਜ਼ਰ ਸਨ |