ਹੁਸ਼ਿਆਰਪੁਰ, 20 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਾਤਾਵਰਨ ਪ੍ਰਤੀ ਅਣਗਹਿਲੀਆਂ ਭਰਿਆ ਸਰਕਾਰ ਦਾ ਵਤੀਰਾ ਅਤੇ ਜ਼ਿਲ੍ਹਾ ਉਚ ਅਧਿਕਾਰੀਆਂ ਦੀ ਚੁੱਪੀ ਸਮੁੱਚੀ ਮਨੁੱਖਤਾ, ਪਸ਼ੂਆਂ, ਪੰਛੀਆਂ, ਧਰਤੀ 'ਤੇ ਪੈਦਾ ਹੋਣ ਵਾਲੇ ਰੀਂਗਣ ਵਾਲੇ ਜੀਵਾਂ ਸਭ ਲਈ ਵਿਨਾਸ਼ਕਾਰੀ ਹੈ, ਜਦਕਿ ਇਹ ਕੋਈ ਕੁਦਰਤੀ ਵਿਨਾਸ਼ ਨਹੀਂ, ਇਸ ਲਈ ਪੰਜਾਬ ਸਰਕਾਰ ਦਾ ਗੈਰ ਯੋਜਨਾਬੰਦੀ ਰਹਿਤ ਵਾਤਾਵਰਨ ਮੰਤਰਾਲਾ ਹੈ | ਇਸ ਸਬੰਧੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਨੰਗਲ ਸ਼ਹੀਦਾਂ ਨਜ਼ਦੀਕ ਸਰਕੰਡੇ ਨੂੰ ਲੱਗੀ ਭਿਆਨਕ ਅੱਗ ਪ੍ਰਤੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆ ਕਿਹਾ ਕਿ ਅੱਜ ਹਰ ਬੁਰਾਈ ਨੂੰ ਦਰੁਸਤ ਕਰਨ ਦੀ ਥਾਂ ਉਸ 'ਤੇ ਮਿੱਟੀ ਪਾਉਣ ਦੀ ਵੱਧ ਰਹੀ ਆਦਤ ਪੂਰੀ ਤਰ੍ਹਾਂ ਵਿਨਾਸ਼ਕਾਰੀ ਸਿੱਧ ਹੋ ਰਹੀ ਹੈ | ਅੱਗ ਨੇ ਕੁੱਝ ਪਲ 'ਚ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਤੇ ਹਰ ਸਾਲ ਇਸੇ ਥਾਂ 'ਤੇ ਅੱਗਾਂ ਲੱਗਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਇਕੋ ਗ਼ਲਤੀ ਵਾਰ-ਵਾਰ ਦੁਹਰਾਈ ਜਾਵੇ ਤਾਂ ਜਾਣਬੁੱਝ ਕੇ ਕੀਤਾ ਜਾਂਦਾ ਕੰਮ ਗਿਣਿਆ ਜਾਂਦਾ ਹੈ | ਧੀਮਾਨ ਨੇ ਕਿਹਾ ਕਿ ਪੰਜਾਬ ਦਾ ਵਾਤਾਵਰਨ ਮੰਤਰਾਲਾ ਅਤੇ ਉਸ ਅਧੀਨ ਲੱਖਾਂ ਰੁਪਏ ਦੀਆਂ ਹਰ ਮਹੀਨੇ ਦੀਆ ਤਨਖ਼ਾਹਾਂ ਲੈ ਕੇ ਤੇ ਏਅਰ ਕੰਡੀਸ਼ਨਰਾਂ 'ਚ ਬੈਠ ਕੇ ਕੰਮ ਕਰਨ ਵਾਲੇ ਸਾਰੇ ਅਧਿਕਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ | ਵਾਤਾਵਰਨ ਪ੍ਰਤੀ ਉਚ ਅਦਾਲਤਾਂ ਕਈ ਵਾਰ ਸਰਕਾਰਾਂ ਨੂੰ ਝਾੜਾ ਪਾਉਂਦੀਆਂ ਹਨ, ਪਰ ਸਮਝ ਨਹੀਂ ਆ ਰਹੀ ਕਿ ਰਾਜਨੀਤੀਵਾਨਾਂ ਦੇ ਦਿਮਾਗ਼ 'ਚ ਵਾਤਾਵਰਨ ਪ੍ਰਤੀ ਬਣੇ ਨਿਯਮਾਂ ਦੀਆਂ ਕਿਉਂ ਅਣਗਹਿਲੀਆਂ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਧਰਤੀ 'ਤੇ ਤਪਸ਼ ਵਧਣ ਦਾ ਮੁੱਖ ਕਾਰਨ ਫ਼ਾਲਤੂ ਦੀਆਂ ਅੱਗਾਂ ਅਤੇ ਦਰੱਖਤਾਂ ਦੀ ਵੱਧ ਰਹੀ ਘਾਟ 'ਤੇ ਵਣ ਵਿਭਾਗ ਅੰਦਰ ਫੈਲਿਆ ਭਿ੍ਸ਼ਟਾਚਾਰ ਅਤੇ ਰਾਜਨੀਤੀਵਾਨਾਂ ਦੀ ਪੈਸੇ ਦੀ ਲਾਲਸਾ ਤੇ ਦਰਖਤਾਂ ਦਾ ਵੱਡਾ ਉਜਾੜਾ ਹੈ | ਉਨ੍ਹਾਂ ਕਿਹਾ ਕਿ ਅਸਲ 'ਚ ਸੋਲਿਡ ਵੇਸਟ ਮੈਨੇਜਮੈਂਟ ਅਤੇ ਹੋਰ ਘਰਾਂ ਦਾ ਕੂੜਾ ਸੰਭਾਲਣ ਦਾ ਨਾ ਪ੍ਰਬੰਧ ਹੋਣ ਕਰਕੇ ਲੋਕ ਕੂੜੇ ਨੂੰ ਸਾੜਨ ਨੂੰ ਸਫ਼ਾਈ ਸਮਝਣ ਲੱਗ ਪਏ ਹਨ | ਧੀਮਾਨ ਨੇ ਕਿਹਾ ਕਿ 1975 ਤੋਂ ਲੈ ਕੇ 2026 (51 ਸਾਲ) ਤੱਕ ਵਾਤਾਵਰਨ ਪ੍ਰਤੀ ਬਣੇ ਨਿਯਮ ਸਾਰੀਆਂ ਸਰਕਾਰਾਂ ਲਾਗੂ ਹੀ ਨਹੀਂ ਕਰ ਸਕੀਆਂ ਅਤੇ ਨਾ ਹੀ ਲਾਗੂ ਕਰਨ ਲਈ ਰੁਚੀ ਵਿਖਾ ਰਹੀਆਂ ਹਨ | ਵਾਤਾਵਰਨ 'ਚ ਗਿਰਾਵਟ ਲਈ ਸਰਕਾਰਾਂ ਜ਼ਿੰਮੇਵਾਰ ਹਨ, ਪ੍ਰੰਤੂ ਸਰਕਾਰਾਂ ਨੇ ਜੰਗਲ ਖਤਮ ਕਰਵਾ ਦਿੱਤੇ | ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਸਮਝਣ ਅਤੇ ਉਸ ਨੂੰ ਬਚਾਉਣ ਲਈ ਆਵਾਜ਼ ਬੁਲੰਦ ਕਰਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅੱਗਾਂ ਲਗਾਉਣ 'ਤੇ ਤੁਰੰਤ ਪਾਬੰਦੀ ਲਗਾਈ ਜਾਵੇ |