ਹੁਸ਼ਿਆਰਪੁਰ, 20 ਮਈ (ਬਲਜਿੰਦਰਪਾਲ ਸਿੰਘ)-29 ਮਈ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਦੀਆਂ ਤਿਆਰੀਆਂ ਸਬੰਧੀ ਮਨਰੇਗਾ ਵਰਕਰਾਂ ਦੀ ਮੀਟਿੰਗ ਹੁਸੈਨਪੁਰ ਲਾਲੋਵਾਲ ਵਿਖੇ ਹੋਈ | ਇਸ ਮੌਕੇ ਕੁਲ ਹਿੰਦ ਖੇਤ ਮਜ਼ਦੂਰ ਯੁਨੀਅਨ ਦੇ ਸੂਬਾਈ ਆਗੂ ਗੁਰਮੇਸ਼ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਰਾਹੀਂ ਵਰਕਰਾਂ ਪਾਸੋਂ ਕੰਮ ਦੀ ਗਰੰਟੀ ਦਾ ਅਧਿਕਾਰ ਖੋ ਰਿਹਾ ਹੈ ਅਤੇ ਕੇਂਦਰ ਸਰਕਾਰ ਸੂਬਾ ਸਰਕਾਰਾਂ 'ਤੇ 40 ਫੀਸਦੀ ਖਰਚ ਕਰਨ ਦਾ ਬੋਝ ਪਾ ਕੇ ਮਨਰੇਗਾ 'ਚ ਤੈਅ 90 ਫ਼ੀਸਦੀ ਖ਼ਰਚ ਕਰਨ ਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਕੇਂਦਰ ਨੇ ਵਰਕਰਾਂ ਨੂੰ ਧੋਖਾ ਦੇਣ ਲਈ ਸਾਲ 'ਚ 125 ਦਿਨ ਕੰਮ ਦੇਣ ਦਾ ਇਕ ਹੋਰ ਜੁਮਲਾ ਛੱਡ ਦਿੱਤਾ ਹੈ | ਉਨ੍ਹਾਂ ਮੰਗ ਕੀਤੀ ਕਿ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਨੂੰ ਤੁਰੰਤ ਰੱਦ ਕਰਕੇ ਮਨਰੇਗਾ ਨੂੰ ਬਹਾਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਜ਼ਰਾਈਲ ਤੇ ਅਮਰੀਕਾ ਵਲੋਂ ਈਰਾਨ 'ਤੇ ਠੋਸੀ ਬੇ-ਅਨਿਆਈ ਜੰਗ ਨੇ ਸਾਰੀ ਦੁਨੀਆਂ ਨੂੰ ਵੱਡੇ ਸੰਕਟ 'ਚ ਪਾ ਦਿੱਤਾ ਹੈ ਤੇ ਦੇਸ਼ 'ਚ ਬੇਤਹਾਸ਼ਾ ਮਹਿੰਗਾਈ 'ਚ ਵਾਧਾ ਹੋ ਗਿਆ ਹੈ, ਜਿਸ ਕਾਰਨ ਆਮ ਲੋਕਾਂ ਦਾ ਜੀਵਨ ਹੋਰ ਵੀ ਦੱੁਭਰ ਹੋ ਜਾਵੇਗਾ |