ਹੁਸ਼ਿਆਰਪੁਰ, 20 ਮਈ (ਬਲਜਿੰਦਰਪਾਲ ਸਿੰਘ)-ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ਼.) ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰ ਸੁਖਦੀਪ ਸਿੰਘ ਓਢਰਾ, ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਦਸੂਹਾ, ਜਨਰਲ ਸਕੱਤਰ ਬਲਜੀਤ ਸਿੰਘ ਮਹਿਮੋਵਾਲ, ਵਿੱਤ ਸਕੱਤਰ ਨੰਦ ਰਾਮ, ਸੰਦੀਪ ਸਿੰਘ ਅਤੇ ਮੈਡਮ ਸੀਮਾ ਸਰੋਆ ਆਦਿ ਅਧਿਆਪਕ ਆਗੂਆਂ ਦੀ ਅਗਵਾਈ ਹੇਠ ਅਧਿਆਪਕਾਂ ਦੇ ਇੱਕ ਵੱਡੇ ਵਫ਼ਦ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫ਼ਤਰ ਵਿਚ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਾਂ ਅਧਿਆਪਕਾਂ ਉੱਤੇ ਲੱਦੇ ਮਣਾਂ-ਮੂੰਹੀਂ ਗੈਰ ਵਿੱਦਿਅਕ ਕੰਮਾਂ ਖ਼ਿਲਾਫ਼ ਇਕ ਮੰਗ ਪੱਤਰ ਪੱਤਰ ਸੌਂਪਿਆ | ਇਸ ਮੰਗ ਪੱਤਰ ਰਾਹੀਂ ਵਫ਼ਦ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਡੀ ਗਿਣਤੀ ਵਿਚ ਅਧਿਆਪਕਾਂ ਨੂੰ ਸਕੂਲਾਂ 'ਚੋਂ ਕੱਢ ਕੇ ਮਰਦਮਸ਼ੁਮਾਰੀ, ਨਸ਼ਾ ਸਰਵੇ, ਚੋਣਾਂ, ਵੋਟਰ ਸੂਚੀਆਂ ਦੇ ਐੱਸ.ਆਈ.ਆਰ. ਸਰਵੇ, ਬੀ.ਐੱਲ.ਓ., ਪੰਜਾਬ ਸਰਕਾਰ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਅਤੇ ਹੋਰ ਗ਼ੈਰ-ਵਿੱਦਿਅਕ ਡਿਊਟੀਆਂ ਉੱਤੇ ਤਾਇਨਾਤ ਕਰ ਦਿੱਤਾ ਗਿਆ ਹੈ ਜਿਸ ਕਾਰਨ ਸਰਕਾਰੀ ਸਕੂਲਾਂ ਵਿਚੋਂ ਹਜ਼ਾਰਾਂ ਅਧਿਆਪਕਾਂ ਨੂੰ ਬਾਹਰ ਕੱਢਣ ਨਾਲ ਸਰਕਾਰੀ ਸਕੂਲਾਂ ਦਾ ਵਿੱਦਿਅਕ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਗਰੀਬ ਲੋਕਾਂ, ਦਲਿਤਾਂ, ਖੇਤ ਮਜ਼ਦੂਰਾਂ, ਛੋਟੇ ਕਿਸਾਨਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਸਿੱਖਿਆ ਦੇ ਬੁਨਿਆਦੀ ਅਧਿਕਾਰ ਤੋਂ ਵਾਂਝੇ ਕੀਤਾ ਜਾ ਰਿਹਾ ਹੈ | ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਪਹਿਲਾਂ ਜਾਰੀ ਹੋਈਆਂ ਡਿਊਟੀ ਲਿਸਟਾਂ ਵਿਚੋਂ ਦਫ਼ਤਰੀ ਅਧਿਕਾਰੀਆਂ ਵਲੋਂ ਆਪਣੇ ਚਹੇਤਿਆਂ ਦੀਆਂ ਡਿਊਟੀਆਂ ਕੱਟ ਕੇ ਹੋਰ ਦੂਜੇ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਜਾਂਦੀਆਂ ਹਨ | ਆਗੂਆਂ ਨੇ ਮੰਗ ਕੀਤੀ ਕਿ ਮਰਦਮਸ਼ੁਮਾਰੀ, ਚੋਣਾਂ, ਸਿਹਤ ਬੀਮਾ ਯੋਜਨਾ, ਨਸ਼ਾ ਸਰਵੇ ਵਰਗੇ ਗੈਰ ਵਿੱਦਿਅਕ ਕੰਮਾਂ ਲਈ ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨ ਮੁੰਡੇ-ਕੁੜੀਆਂ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਜੋ ਸਕੂਲਾਂ ਵਿਚ ਬੱਚਿਆਂ ਦੀ ਸਿੱਖਿਆ ਦਾ ਕੰਮ ਨਾ ਪ੍ਰਭਾਵਿਤ ਹੋਵੇ, ਮੁਲਾਜ਼ਮ ਵਿਆਹੇ ਜੋੜਿਆਂ ਦੇ ਕੇਸਾਂ ਵਿਚ ਪਤੀ-ਪਤਨੀ ਵਿਚੋਂ ਇੱਕ ਦੀ ਚੋਣ ਡਿਊਟੀ ਲਗਾਈ ਜਾਵੇ ਆਦਿ ਮੰਗਾਂ ਦਾ ਹੱਲ ਕੀਤਾ ਜਾਵੇ | ਆਗੂਆਂ ਨੇ ਐਲਾਨ ਕੀਤਾ ਕਿ 31 ਮਈ ਨੂੰ ਮੁਹਾਲੀ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਅਤੇ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਵਿਚ ਵੀ ਗੈਰ ਵਿੱਦਿਅਕ ਡਿਊਟੀਆਂ ਪ੍ਰਤੀ ਆਵਾਜ਼ ਬੁਲੰਦ ਕੀਤੀ ਜਾਵੇਗੀ | ਸਹਾਇਕ ਕਮਿਸ਼ਨਰ ਮੈਡਮ ਗੁਰਪ੍ਰੀਤ ਕੌਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਵਫ਼ਦ ਦੀਆਂ ਮੰਗਾਂ ਡਿਪਟੀ ਕਮਿਸ਼ਨਰ ਨੂੰ ਭੇਜ ਕੇ ਜਲਦ ਹੀ ਇਨ੍ਹਾਂ ਦਾ ਹੱਲ ਕਰਵਾਉਣਗੇ | ਇਸ ਮੌਕੇ ਨੀਲਮ ਰਾਣੀ, ਸ਼ਾਨੂੰ ਦੇਵੀ, ਦਵਿੰਦਰ ਕੌਰ, ਮਨਦੀਪ ਕੌਰ, ਅੰਜੂ ਬਾਲਾ, ਸੁਮਨ ਕੁਮਾਰੀ, ਪ੍ਰਭਜੋਤ ਕੌਰ, ਇੰਦੂ ਠਾਕੁਰ, ਵੰਦਨਾ ਰਾਣੀ, ਸੁਰਿੰਦਰ ਕੌਰ, ਰਜਿੰਦਰ ਕੌਰ, ਸ਼ਿਵ ਕੁਮਾਰ, ਪ੍ਰਦੀਪ ਸਿੰਘ, ਭਰਵਿੰਦਰਜੀਤ ਸਿੰਘ, ਹਰਦੀਪ ਸਿੰਘ, ਹਰਵਿੰਦਰ ਕਲਸੀ, ਵਰਿੰਦਰ ਸੈਣੀ ਅਤੇ ਰਾਕੇਸ਼ ਕੁਮਾਰ ਵੀ ਹਾਜ਼ਰ ਸਨ |