ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਤੇ ਡਾ. ਜਤਿੰਦਰ ਭਾਟੀਆ ਡਿਜਿਗਨੇਟਡ ਅਫ਼ਸਰ-ਕਮ-ਜ਼ਿਲ੍ਹਾ ਸਿਹਤ ਅਫ਼ਸਰ ਹੁਸ਼ਿਆਰਪੁਰ ਦੀ ਦੇਖ-ਰੇਖ ਹੇਠ ਫੂਡ ਸੇਫ਼ਟੀ ਅਫ਼ਸਰ ਮੁਨੀਸ਼ ਸੋਢੀ ਵਲੋਂ ਜ਼ਿਲ੍ਹੇ 'ਚ ਖਾਧ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਫੂਡ ਸੇਫ਼ਟੀ ਟੀਮ ਵਲੋਂ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ | ਇਸੇ ਮੁਹਿੰਮ ਤਹਿਤ ਫੂਡ ਸੇਫ਼ਟੀ ਟੀਮ ਵਲੋਂ ਗਰਮੀਆਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਸੇਫ਼ਟੀ ਵੈਨ ਰਾਹੀਂ ਪਿੰਡ ਦਾਤਾਰਪੁਰ ਵਿਖੇ ਸਬਜ਼ੀ ਤੇ ਫਲ ਵਿਕੇ੍ਰਤਾਵਾਂ ਨੂੰ ਵਧੀਆ ਖਾਣ ਪੀਣ ਵਸਤੂਆਂ ਮੁਹੱਈਆ ਕਰਵਾਉਣ ਸੰਬੰਧੀ ਜਾਗਰੂਕ ਕੀਤਾ | ਉਨ੍ਹਾਂ ਸਖ਼ਤ ਹਦਾਇਤ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਬਜ਼ੀ ਜਾਂ ਫਲ ਜ਼ਿਆਦਾ ਪੱਕਿਆ, ਗਲਿਆ ਸੜਿਆ ਜਾ ਕੱਟਿਆ ਹੋਇਆ ਨਾ ਵੇਚਿਆ ਜਾਵੇ | ਉਨ੍ਹਾਂ ਕਿਹਾ ਕਿ ਫਲਾਂ ਤੇ ਸਬਜ਼ੀਆਂ ਨੂੰ ਕੈਮੀਕਲਾਂ ਤੋਂ ਬਿਨਾਂ ਪਕਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋ ਸਕੇ | ਉਨ੍ਹਾਂ ਮੌਕੇ 'ਤੇ ਜਾ ਕੇ ਫਲ ਤੇ ਸਬਜ਼ੀਆਂ ਵੇਚ ਰਹੇ ਰੇਹੜੀ ਫੜੀ ਵਾਲਿਆਂ ਅਤੇ ਦੁਕਾਨਦਾਰਾਂ ਵਲੋਂ ਵੇਚੇ ਜਾ ਰਹੇ ਫਲ ਤੇ ਸਬਜ਼ੀਆਂ ਦੀ ਜਾਂਚ ਕੀਤੀ | ਇਸੇ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਵੀ ਜਾਗਰੂਕ ਕਰਦੇ ਹੋਏ ਦੱਸਿਆ ਕਿ ਗਰਮੀਆਂ ਦੇ ਸੀਜ਼ਨ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਿਆਦਾ ਪੱਕਿਆ, ਗਲਿਆ ਸੜਿਆ, ਜਾਂ ਕੱਟਿਆ ਹੋਇਆ ਕੋਈ ਵੀ ਫਲ ਜਾ ਸਬਜ਼ੀਆਂ ਨਾ ਖ਼ਰੀਦੀਆਂ ਜਾਣ | ਡੀ. ਐਚ. ਓ. ਡਾ. ਜਤਿੰਦਰ ਭਾਟੀਆ ਤੇ ਫੂਡ ਸੇਫ਼ਟੀ ਅਫ਼ਸਰ ਮਨੀਸ਼ ਸੋਢੀ ਨੇ ਸਾਰੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਲਾਜ਼ਮੀ ਰਜਿਸਟਰੇਸ਼ਨ ਅਤੇ ਲਾਇਸੈਂਸਿੰਗ ਦੀ ਪਾਲਣਾ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ |