ਸ਼ਾਮਚੁਰਾਸੀ, 22 ਮਈ (ਗੁਰਮੀਤ ਸਿੰਘ ਖਾਨਪੁਰੀ)-ਸ਼ਾਮਚੁਰਾਸੀ ਦੇ ਨਜ਼ਦੀਕ ਪੈਂਦੇ ਪਿੰਡ ਕਡਿਆਣਾ ਦੇ ਅੱਡੇ ਕੋਲ ਅੱਜ ਇਕ ਤੇਜ਼ ਰਫ਼ਤਾਰ ਟਿੱਪਰ ਤੇ ਬੱਚਿਆਂ ਦੀ ਸਕੂਲ ਵੈਨ ਵਿਚਾਲੇ ਹੋਈ ਜ਼ੋਰਦਾਰ ਟੱਕਰ ਕਾਰਨ ਵੈਨ ਦੇ ਡਰਾਈਵਰ ਸਮੇਤ ਕਈ ਸਕੂਲੀ ਬੱਚੇ ਗੰਭੀਰ ਰੂਪ ਵਿਚ ਜ਼ਖ਼ਮੀ ਦੀ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਤੇ ਕਿਸਾਨ ਯੂਨੀਅਨ ਦੇ ਆਗੂਆਂ ਵਿਚ ਭਾਰੀ ਰੋਸ ਫੈਲ ਗਿਆ | ਹਾਦਸੇ ਦੇ ਵਿਰੋਧ ਵਿਚ ਗੁੱਸੇ ਵਿਚ ਆਏ ਲੋਕਾਂ ਤੇ ਕਿਸਾਨ ਆਗੂਆਂ ਵਲੋਂ ਕਠਾਰ-ਸ਼ਾਮਚੁਰਾਸੀ-ਹਰਿਆਣਾ ਸੜਕ 'ਤੇ ਓਵਰਲੋਡ ਟਿੱਪਰਾਂ ਦੀ ਆਵਾਜਾਈ ਨੂੰ ਪੱਕੇ ਤੌਰ 'ਤੇ ਬੰਦ ਕਰਵਾਉਣ ਲਈ ਘਟਨਾ ਵਾਲੀ ਥਾਂ 'ਤੇ ਹੀ ਸੜਕ ਜਾਮ ਕਰਕੇ ਪੱਕਾ ਧਰਨਾ ਲਗਾ ਦਿੱਤਾ | ਧਰਨੇ ਦੌਰਾਨ ਕਿਸਾਨ ਯੂਨੀਅਨ ਰਾਜੇਵਾਲ ਦੇ ਮੀਤ ਪ੍ਰਧਾਨ ਰਣਧੀਰ ਸਿੰਘ ਕਡਿਆਣਾ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਨੇ ਦੱਸਿਆ ਕਿ ਟੋਲ ਟੈਕਸਾਂ ਨੂੰ ਬਚਾਉਣ ਦੇ ਚੱਕਰ ਵਿਚ ਹਰ ਰੋਜ਼ ਸੈਂਕੜੇ ਓਵਰਲੋਡ ਤੇ ਤੇਜ਼ ਰਫ਼ਤਾਰ ਟਿੱਪਰ ਇਸ ਲਿੰਕ ਸੜਕ ਤੋਂ ਲੰਘਦੇ ਹਨ | ਇਸ ਸਾਰੀ ਸੜਕ ਦੇ ਕਿਨਾਰਿਆਂ 'ਤੇ ਕਈ ਸਕੂਲ ਸਥਿਤ ਹਨ, ਜਿਸ ਕਾਰਨ ਇਥੇ ਹਰ ਵੇਲੇ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਕਿਸਾਨ ਆਗੂਆਂ ਨੇ ਕਿ ਜਿੰਨਾ ਚਿਰ ਇਸ ਸੜਕ 'ਤੇ ਭਾਰੀ ਟਿੱਪਰਾਂ ਦਾ ਲੰਘਣਾ ਮੁਕੰਮਲ ਤੌਰ 'ਤੇ ਬੰਦ ਨਹੀਂ ਕੀਤਾ ਜਾਂਦਾ, ਉੱਨਾ ਚਿਰ ਇਹ ਧਰਨਾ ਤੇ ਜਾਮ ਲਗਾਤਾਰ ਜਾਰੀ ਰਹੇਗਾ | ਘਟਨਾ ਦੀ ਸੂਚਨਾ ਮਿਲਦੇ ਹੀ ਬੁੱਲ੍ਹੋਵਾਲ ਪੁਲਿਸ ਦੇ ਐਸ. ਐਚ. ਓ. ਪਰਵਿੰਦਰਜੀਤ ਪਾਲ ਸਿੰਘ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨੂੰ ਸੁਣਿਆ ਤੇ ਵਿਸ਼ਵਾਸ ਦਿਵਾਇਆ ਕਿ ਇਸ ਸੜਕ ਤੋਂ ਭਾਰੀ ਤੇ ਓਵਰਲੋਡ ਟਿੱਪਰਾਂ ਦਾ ਲੰਘਣਾ ਪੂਰਨ ਤੌਰ 'ਤੇ ਬੰਦ ਕਰਵਾਇਆ ਜਾਵੇਗਾ | ਪੁਲਿਸ ਦੇ ਇਸ ਪੁਖ਼ਤਾ ਭਰੋਸੇ ਤੋਂ ਬਾਅਦ, ਲੱਗਭਗ ਦੋ ਘੰਟਿਆਂ ਤੋਂ ਚੱਲ ਰਿਹਾ ਇਹ ਧਰਨਾ ਸਮਾਪਤ ਕਰ ਦਿੱਤਾ | ਧਰਨੇ 'ਚ ਜਸਪ੍ਰੀਤ ਸਿੰਘ ਕਡਿਆਣਾ, ਪਰਮਿੰਦਰ ਸਿੰਘ ਸੱਜਣ, ਮਨਪ੍ਰੀਤ ਸਿੰਘ, ਸੱਤਪਾਲ ਸਿੰਘ, ਗੁਰਵਿੰਦਰ ਸਿੰਘ ਜਰਬਦੀਵਾਲ, ਤਰਲੋਕ ਸਿੰਘ, ਤਜਿੰਦਰਪਾਲ ਸਿੰਘ, ਦਵਿੰਦਰ ਸਿੰਘ ਪੰਨੂੰ, ਰਮਨਦੀਪ ਸਿੰਘ, ਹਰਜਿੰਦਰ ਸਿੰਘ ਵੀ ਸ਼ਾਮਿਲ ਸਨ |