ਗੜ੍ਹਸ਼ੰਕਰ, 26 ਮਈ (ਧਾਲੀਵਾਲ)-ਗੜ੍ਹਸ਼ੰਕਰ ਦੀ ਨਗਰ ਕੌਂਸਲ ਚੋਣ ਵਿਚ ਸੱਤਾਧਾਰੀ ਧਿਰ ਵਲੋਂ ਸ਼ਰੇਆਮ ਸਾਮ ਦਾਮ ਦੰਡ ਭੇਟ ਦਾ ਫ਼ਾਰਮੂਲਾ ਵਰਤਕੇ ਸ਼ਰੇਆਮ ਧੱਕੇਸ਼ਾਹੀ ਕੀਤੀ ਹੈ | ਸੱਤਾਧਾਰੀਆਂ ਵਲੋਂ ਆਪਣੇ ਰਿਸ਼ਤੇਦਾਰ ਨੂੰ ਜਿਤਾਉਣ ਲਈ ਹਰ ਹੀਲਾ ਵਰਤਿਆ ਗਿਆ ਹੈ | ਇਹ ਪ੍ਰਗਟਾਵਾ ਕੰਢੀ ਸੰਘਰਸ਼ ਕਮੇਟੀ ਦੇ ਕਨਵੀਨਰ ਕਾਮਰੇਡ ਦਰਸ਼ਨ ਸਿੰਘ ਮੱਟੂ ਵਲੋਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਵਾਰਡ 4 ਦੇ ਪੋਲਿੰਗ ਸਟੇਸ਼ਨ 'ਤੇ 100 ਮੀਟਰ ਦੇ ਘੇਰੇ ਵਿਚ ਸੱਤਾਧਾਰੀਆਂ ਵਲੋਂ ਪੋਲਿੰਗ ਬੂਥ ਲਗਾਕੇ ਸ਼ਰੇਆਮ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣ ਕੀਤੀ ਗਈ | ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਜਦੋਂ ਪੱਤਰਕਾਰਾਂ ਦੀ ਹਾਜ਼ਰੀ 'ਚ ਇਸ ਮਾਮਲੇ 'ਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਐੱਸ.ਐੱਸ.ਪੀ. ਹੁਸ਼ਿਆਰਪੁਰ, ਡੀ.ਐੱਸ.ਪੀ. ਗੜਸ਼ੰਕਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਕਿਸੇ ਵੀ ਅਧਿਕਾਰੀ ਨੇ ਉਨਾਂ ਦਾ ਫ਼ੋਨ ਨਹੀਂ ਚੁੱਕਿਆ | ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਦੋਸ਼ ਲਗਾਇਆ ਵਾਰਡ 4 ਸਮੇਤ ਹੋਰ ਵਾਰਡਾਂ ਵਿਚ 'ਆਪ' ਪਾਰਟੀ ਵਾਲੇ ਵਹੀਕਲਾਂ 'ਤੇ ਝੰਡੇ ਲਗਾਕੇ ਵੋਟਾਂ ਬੂਥ ਤੱਕ ਲਿਆ ਰਹੇ ਹਨ ਜੋ ਸਰਾਸਰ ਧੱਕਾ ਹੈ | ਉਨਾਂ ਦੋਸ਼ ਲਗਾਇਆ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ | ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਇਤਿਹਾਸ ਕਦੇ ਵੀ ਮੁਆਫ਼ ਨਹੀਂ ਕਰੇਗਾ | ਉਨ੍ਹਾਂ ਕਿਹਾ ਕਿ ਵਾਰਡ 4 ਦੀਆਂ ਨਾਜਾਇਜ਼ ਵੋਟਾਂ ਕਟਵਾਉਣ ਲਈ ਐੱਸ.ਡੀ.ਐੱਮ. ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਤੇ ਪੰਜਾਬ ਚੋਣ ਕਮਿਸ਼ਨ ਨੂੰ ਲਿਖਤੀ ਭੇਜੀ ਜਾ ਚੁੱਕੀ ਹੈ | ਇਸ ਮੌਕੇ ਸੀ.ਪੀ.ਆਈ. (ਐੱਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਨੇਕ ਸਿੰਘ ਭੱਜਲ,. ਸੂਬਾ ਕਮੇਟੀ ਮੈਂਬਰ ਸੁਭਾਸ਼ ਮੱਟੂ, ਮਹਿੰਦਰ ਕੁਮਾਰ ਬੱਢੋਆਣ, ਚੌਧਰੀ ਅੱਛਰ ਸਿੰਘ ਬਿਲੜੋਂ, ਸੁਰਿੰਦਰ ਚੁਬਰ, ਗ਼ਰੀਬ ਦਾਸ ਬੀਟਨ, ਹਰਭਜਨ ਅਟਵਾਲ, ਰਵਿੰਦਰ ਨੀਟਾ, ਕੁਲਭੂਸ਼ਨ ਕੁਮਾਰ ਮਹਿੰਦਵਾਣੀ, ਦਵਿੰਦਰ ਸਿੰਘ ਰਾਣਾ, ਪ੍ਰੇਮ ਸਿੰਘ ਰਾਣਾ, ਜੋਗਿੰਦਰ ਸਿੰਘ ਥਾਂਦੀ, ਰਸ਼ਪਾਲ ਕੌਰ, ਨਰਿੰਦਰ ਸਿੰਘ ਸੰਘਾ, ਨਰੇਸ਼ ਕੁਮਾਰ ਨੇ ਸੱਤਾਧਾਰੀ ਧਿਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਚੋਣ ਕਮਿਸ਼ਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ |