ਮਾਹਿਲਪੁਰ, 30 ਮਈ (ਰਜਿੰਦਰ ਸਿੰਘ)-ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਗਿੱਲ ਤੇ ਚੇਅਰਪਰਸਨ ਹਰਪ੍ਰੀਤ ਕੌਰ ਯੋਗ ਅਗਵਾਈ ਹੇਠ ਚੱਲ ਰਹੀ ਦੋਆਬਾ ਪਬਲਿਕ ਸਕੂਲ ਦੋਹਲਰੋਂ ਵਿਖੇ ਮੈਨੇਜਰ ਇਸ਼ਮੀਤ ਸਿੰਘ ਬੈਂਸ ਦੀ ਦੇਖ-ਰੇਖ ਅਗਵਾਈ ਹੇਠ 'ਕੌਫੀ ਵਿਦ ਮੌਮ' ਪ੍ਰੋਗਰਾਮ ਬਹੁਤ ਉਤਸ਼ਾਹ ਤੇ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ | ਇਸ ਵਿਸ਼ੇਸ਼ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਬਾਲ ਰੋਗ ਮਾਹਿਰ ਡਾ. ਯੈਸ਼ਾ ਪਟੇਲ ਸ਼ਾਮਿਲ ਹੋਏ | ਉਨ੍ਹਾਂ ਨੇ ਬੱਚਿਆਂ ਦੇ ਸਰੀਰਕ, ਮਾਨਸਿਕ ਤੇ ਭਾਵਨਾਤਮਕ ਵਿਕਾਸ ਨਾਲ ਸੰਬੰਧਿਤ ਅਹਿਮ ਵਿਸ਼ਿਆਂ 'ਤੇ ਚਾਨਣਾ ਪਾਉਂਦੇ ਹੋਏ ਵਧਦੀ ਉਮਰ ਦੌਰਾਨ ਬੱਚਿਆਂ 'ਚ ਆਉਣ ਵਾਲੀਆਂ ਤਬਦੀਲੀਆਂ, ਉਨ੍ਹਾਂ ਦੇ ਪ੍ਰਭਾਵ, ਸਹੀ ਤੇ ਸੰਤੁਲਿਤ ਖ਼ੁਰਾਕ ਦੀ ਮਹੱਤਤਾ ਬਾਰੇ ਬਹੁਤ ਹੀ ਲਾਹੇਵੰਦ ਜਾਣਕਾਰੀ ਬੱਚਿਆਂ ਦੀਆਂ ਮਾਤਾਵਾਂ ਨਾਲ ਸਾਂਝੀ ਕੀਤੀ | ਸਕੂਲ ਦੇ ਪਿ੍ੰ. ਅਰੁਣ ਗੁਪਤਾ ਨੇ ਮੁੱਖ ਮਹਿਮਾਨ ਅਤੇ ਸਮਾਗਮ 'ਚ ਸ਼ਾਮਿਲ ਹੋਈਆਂ ਸਾਰੀਆਂ ਮਾਤਾਵਾਂ ਦਾ ਨਿੱਘਾ ਸਵਾਗਤ ਕੀਤਾ | ਸੈਸ਼ਨ ਦੌਰਾਨ ਆਈਆਂ ਹੋਈਆਂ ਮਾਤਾਵਾਂ ਨੇ ਬੱਚਿਆਂ ਦੀ ਖ਼ੁਰਾਕ ਤੇ ਰੋਜ਼ਾਨਾ ਜੀਵਨ ਨਾਲ ਜੁੜੇ ਕਈ ਸਵਾਲ ਪੁੱਛੇ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿਚ ਮਾਤਾਵਾਂ ਹਾਜ਼ਰ ਸਨ |