ਤਲਵਾੜਾ-ਦਾਤਾਰਪੁਰ ਦੇ ਗੁਆਂਢੀ ਪਿੰਡ ਦੇਪੁਰ ਦੇ ਮੁਹੱਲਾ ਘੁਮਿਆਰ ਵਿਖੇ ਮਾਤਾ ਸ੍ਰੀਮਤੀ ਕਮਲੇਸ਼ ਦੇਵੀ ਦੇ ਕੁੱਖੋਂ ਤੇ ਪਿਤਾ ਬਹਾਦਰ ਸਿੰਘ ਦੇ ਘਰ 27 ਜਨਵਰੀ 1995 ਨੂੰ ਜਨਮੇ ਰਮਨ ਕੁਮਾਰ ਬਚਪਨ ਤੋਂ ਹੀ ਸਾਹਸੀ ਤੇ ਨਿਡਰ ਸੀ | ਰਮਨ ਕੁਮਾਰ ਨੇ ਮੁੱਢਲੀ ਸਿੱਖਿਆ ਪਿੰਡ ਦੇਪੁਰ ਦੇ ਐਲੀਮੈਂਟਰੀ ਸਕੂਲ ਤੋਂ ਹਾਸਿਲ ਕਰਨ ਤੋਂ ਬਾਅਦ 10+2 ਦੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਤੋਂ ਹਾਸਿਲ ਕੀਤੀ | ਰਮਨ ਕੁਮਾਰ ਦੇਸ਼ ਭਗਤੀ ਦੇ ਜਜਵੇ ਤਹਿਤ 3 ਦਸੰਬਰ 2014 ਨੂੰ ਭਾਰਤੀ ਸੈਨਾ 16 ਡੋਗਰਾ ਰੈਜੀਮੈਂਟ ਵਿਚ ਭਰਤੀ ਹੋ ਗਿਆ | ਰਮਨ ਕੁਮਾਰ ਦੀ ਨੌਕਰੀ ਅਜੇ 4 ਵਰ੍ਹੇ ਹੀ ਹੋਈ ਸੀ ਕਿ ਉਹ ਦੇਸ ਦੀ ਸਰਹੱਦਾਂ ਦੀ ਰਾਖੀ ਕਰਦੇ ਹੋਏ ਜੰਮੂ ਕਸ਼ਮੀਰ ਦੇ ਊੜੀ ਸੈਕਟਰ 62 ਆਰ. ਆਰ. ਵਿਖੇ ਦੁਸ਼ਮਣਾ ਨੂੰ ਖਦੇੜਦਾ ਹੋਇਆ 1 ਜੂਨ 2018 ਨੂੰ ਸ਼ਹੀਦੀ ਜਾਮ ਪੀ ਗਿਆ | ਦਾਤਾਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਸ਼ਹੀਦ ਰਮਨ ਕੁਮਾਰ ਦੀ ਪਵਿੱਤਰ ਯਾਦ 'ਚ ਬਣਾਏ ਗਏ ਯਾਦਗਾਰੀ ਗੇਟ ਜੋ ਕਿ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਵਲੋਂ ਬਣਵਾਇਆ ਗਿਆ ਹੈ, ਦਾ ਉਦਘਾਟਨ ਵੀ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ 1 ਜੂਨ ਨੂੰ ਸ਼ਹੀਦ ਰਮਨ ਕੁਮਾਰ ਦੇ ਸ਼ਹੀਦੀ ਦਿਹਾੜੇ 'ਤੇ ਕੀਤਾ ਜਾ ਰਿਹਾ ਹੈ | ਇਸ ਤੋਂ ਬਾਅਦ ਸ਼ਹੀਦ ਰਮਨ ਹਾਰਡ ਵੇਅਰ ਸਟੋਰ ਦੇਪੁਰ ਪੁਲ ਦੇ ਨਜ਼ਦੀਕ ਦੁਪਹਿਰ ਸਮੇਂ ਅਤੁੱਟ ਲੰਗਰ ਵਰਤਾਇਆ ਜਾਵੇਗਾ | -ਮਨੀਸ਼ਾ ਮਹਿਤਾ