ਹੁਸ਼ਿਆਰਪੁਰ, 1 ਜੂਨ (ਬਲਜਿੰਦਰਪਾਲ ਸਿੰਘ)-ਡਾ. ਮਨਦੀਪ ਕਮਲ, ਸਿਵਲ ਸਰਜਨ ਹੁਸ਼ਿਆਰਪੁਰ ਵਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਚੈਕਿੰਗ ਕਰਕੇ ਨਵੇਂ ਸਥਾਪਿਤ ਇੰਟੈਂਸਿਵ ਕੇਅਰ ਯੂਨਿਟ (ਆਈ. ਸੀ. ਯੂ.) ਤੇ ਡੇਂਗੂ ਵਾਰਡ ਦਾ ਵਿਸਥਾਰ ਨਾਲ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਨੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਉਪਲਬਧ ਮੈਡੀਕਲ ਸਹੂਲਤਾਂ, ਦਵਾਈਆਂ ਦੇ ਪ੍ਰਬੰਧਾਂ, ਮਨੁੱਖੀ ਸਰੋਤਾਂ ਤੇ ਸਟਾਫ਼ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ | ਇਸ ਮੌਕੇ ਡਾ. ਰਣਜੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਜਤਿੰਦਰ ਭਾਟੀਆ, ਜ਼ਿਲ੍ਹਾ ਸਿਹਤ ਅਫ਼ਸਰ, ਡਾ. ਕਪਿਲ ਡੋਗਰਾ, ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ, ਡਾ. ਨਵਜੋਤ ਸਿੰਘ ਐੱਸ. ਐਨ. ਓ., ਡਾ. ਨੇਹਾ ਪਾਲ ਐਸ. ਐਮ. ਓ., ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤਰਸੇਮ ਲਾਲ, ਡਾ. ਅਦਿੱਤਿਆ ਦੀਵਾਨ, ਡਿਪਟੀ ਮਾਸ ਮੀਡੀਆ ਅਫ਼ਸਰ ਰਵਿੰਦਰ ਜੱਸਲ ਅਤੇ ਹੋਰ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਵੀ ਹਾਜ਼ਰ ਸਨ | ਦੌਰੇ ਦੌਰਾਨ ਡਾ. ਮਨਦੀਪ ਕਮਲ ਨੇ ਆਈ. ਸੀ. ਯੂ. 'ਚ ਉਪਲਬਧ ਅਤਿ-ਆਧੁਨਿਕ ਉਪਕਰਨਾਂ, ਵੈਂਟੀਲੇਟਰਾਂ, ਮਲਟੀ-ਪੈਰਾਮੀਟਰ ਮਾਨੀਟਰਾਂ, ਆਕਸੀਜਨ ਸਪੋਰਟ ਸਿਸਟਮ, ਇੰਫਿਊਜ਼ਨ ਪੰਪਾਂ ਅਤੇ ਹੋਰ ਜੀਵਨ ਰੱਖਿਅਕ ਸਹੂਲਤਾਂ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਆਈ. ਸੀ. ਯੂ. 'ਚ ਤਾਇਨਾਤ ਡਾਕਟਰਾਂ ਤੇ ਸਟਾਫ਼ ਨਾਲ ਗੱਲਬਾਤ ਕਰਦੇ ਹੋਏ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ | ਉਨ੍ਹਾਂ ਨੇ ਡੇਂਗੂ ਮਰੀਜ਼ਾਂ ਲਈ ਕੀਤੇ ਗਏ ਪ੍ਰਬੰਧਾਂ, ਬੈੱਡਾਂ ਦੀ ਉਪਲਬਧਤਾ, ਦਵਾਈਆਂ ਦੇ ਸਟਾਕ, ਟੈਸਟਿੰਗ ਸਹੂਲਤਾਂ ਤੇ ਸਟਾਫ਼ ਦੀ ਤਾਇਨਾਤੀ ਸੰਬੰਧੀ ਜਾਣਕਾਰੀ ਲਈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਲੋਕਾਂ ਨੂੰ ਮਿਆਰੀ, ਆਧੁਨਿਕ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ |