ਹੁਸ਼ਿਆਰਪੁਰ, 14 ਜੂਨ (ਬਲਜਿੰਦਰਪਾਲ ਸਿੰਘ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਪਿਛਲੇ ਦਿਨੀਂ ਮਿਤੀ 17 ਮਈ ਨੂੰ ਜਲੰਧਰ ਵਿਖੇ ਕੀਤੀ ਸੂਬਾ ਪੱਧਰੀ ਕਨਵੈੱਨਸ਼ਨ ਵਿਚ ਜਾਰੀ ਕੀਤੇ ਐਲਾਨਨਾਮੇ 'ਚ ਉਲੀਕੇ ਸੰਘਰਸ਼ਾਂ ਨੂੰ ਅਮਲੀ ਰੂਪ ਦੇਣ ਲਈ ਸਾਂਝਾ ਫ਼ਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਕ ਅਹਿਮ ਮੀਟਿੰਗ ਮੁਲਾਜ਼ਮ ਭਵਨ ਹੁਸ਼ਿਆਰਪੁਰ ਵਿਖੇ ਸਾਥੀ ਜ਼ੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ | ਮੀਟਿੰਗ ਦੇ ਸ਼ੁਰੂ ਵਿਚ ਪਟਿਆਲਾ ਵਿਖੇ ਸਹਾਇਕ ਲਾਈਨਮੈਨਾਂ ਤੇ ਪਟਿਆਲਾ ਪੁਲਿਸ ਵਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਦੇ ਵਿਰੋਧ ਵਿਚ ਮਤਾ ਪੇਸ਼ ਕੀਤਾ ਅਤੇ ਮੰਗ ਕੀਤੀ ਗਈ ਕਿ ਅਜਿਹੀ ਗੁੰਡਾਗਰਦੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਸਾਂਝੇ ਫ਼ਰੰਟ ਦੇ ਸੂਬਾ ਕਨਵੀਨਰ ਸਾਥੀ ਸਤੀਸ਼ ਰਾਣਾ ਵਲੋਂ ਫ਼ਰੰਟ ਵਲੋਂ ਪਿਛਲੇ ਦਿਨਾਂ ਅੰਦਰ ਕੀਤੀਆਂ ਸੂਬਾਈ ਮੀਟਿੰਗਾਂ ਦੀ ਕਾਰਵਾਈ ਅਤੇ ਅਗਲੇ ਸੰਘਰਸ਼ਾਂ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਸਾਥੀ ਬਹਾਦਰ ਸਿੰਘ, ਪ੍ਰਵੇਸ਼ ਕੁਮਾਰ, ਜਸਵੀਰ ਸਿੰਘ, ਕੁਲਵੰਤ ਸਿੰਘ ਸੈਣੀ, ਜਤਿੰਦਰ ਸਿੰਘ ਸੋਨੀ, ਮੁਕੇਸ਼ ਗੁਜਰਾਤੀ, ਇੰਦਰਜੀਤ ਵਿਰਦੀ, ਮਨਜੀਤ ਸੈਣੀ ਵਲੋਂ ਪੰਜਾਬ ਅਤੇ ਕੇਂਦਰ ਦੀ ਸਰਕਾਰ ਵਲੋਂ ਅਪਣਾਈਆਂ ਜਾ ਰਹੀਆਂ ਮੁਲਾਜ਼ਮ-ਪੈਨਸ਼ਨਰ ਵਿਰੋਧੀ ਨੀਤੀਆਂ ਸੰਬੰਧੀ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ | ਸੂਬਾ ਕਨਵੈੱਨਸ਼ਨ ਦੇ ਫ਼ੈਸਲਿਆਂ ਦੀ ਪਹਿਲੀ ਕੜੀ ਨੂੰ ਲਾਗੂ ਕਰਨ ਸੰਬੰਧੀ ਮੀਟਿੰਗ ਵਿਚ ਆਗੂਆਂ ਵਲੋਂ ਵਿਚਾਰ-ਚਰਚਾ ਕਰਨ ਉਪਰੰਤ ਮਿਤੀ 5 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਸ਼ਿਮਲਾ ਪਹਾੜੀ ਚੌਕ ਦੇ ਨਜ਼ਦੀਕ ਸੈਣੀ ਭਵਨ ਵਿਖੇ ਕੀਤੀ ਜਾਵੇਗੀ | ਆਗੂਆਂ ਵਲੋਂ 17 ਜੂਨ ਨੂੰ ਪੈਨਸ਼ਨਰਜ਼ ਜੁਆਇੰਟ ਫ਼ਰੰਟ ਵਲੋਂ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈੱਨਸ਼ਨ 'ਚ ਸਮੂਹ ਪੈਨਸ਼ਨਰਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ | ਇਸ ਮੌਕੇ ਓਾਕਾਰ ਸਿੰਘ, ਰਕੇਸ਼ ਕੁਮਾਰ ਮਹਿਲਾਂ ਵਾਲੀ, ਕਮਲ ਕੁਮਾਰ ਗੁਪਤਾ, ਸਤਨਾਮ ਸਿੰਘ, ਪਰਮਜੀਤ ਸਿੰਘ, ਮਨਜੀਤ ਸਿੰਘ ਬਾਜਵਾ, ਮਦਨ ਲਾਲ ਸੈਣੀ, ਜਰਨੈਲ ਸਿੰਘ, ਅਮਨਦੀਪ, ਹਰਮੇਸ਼ ਪਾਲ, ਰਸ਼ਪਾਲ ਚੰਦ, ਸਤਪਾਲ ਸਿੰਘ, ਕਿ੍ਸ਼ਨ ਗੋਪਾਲ, ਹਰਵਿੰਦਰ ਸਿੰਘ, ਕਮਲਜੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ |