ਨਸਰਾਲਾ, 15 ਜੂਨ (ਸਤਵੰਤ ਸਿੰਘ ਥਿਆੜਾ)-ਮੋਟਰਸਾਈਕਲ ਤੇ ਟੈਂਕਰ ਦੀ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਪ੍ਰਵਾਸੀ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਪੁਲਿਸ ਚੌਕੀ ਨਸਰਾਲਾ ਦੇ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਜਾਣਕਾਰੀ ਮੁਤਾਬਿਕ ਪ੍ਰਵਾਸੀ ਰਾਜ ਕੁਮਾਰ ਪੁੱਤਰ ਰਾਮ ਬਿਲਾਸ ਵਾਸੀ ਤਾਰਾਗੜ੍ਹ ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਹਲਟੀ ਨਜ਼ਦੀਕ ਗੰਨਾ ਦੀ ਰਸ ਦਾ ਵੇਲਣਾ ਚਲਾਉਂਦਾ ਹੈ | ਸਵੇਰੇ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਪਤਨੀ ਸੁਨੀਤਾ ਦੇਵੀ (43) ਦੇ ਨਾਲ ਨਸਰਾਲਾ ਵੱਲ ਤੋਂ ਗੰਨੇ ਲੈਣ ਲਈ ਜਾ ਰਿਹਾ ਸੀ | ਜਦੋਂ ਉਹ ਤਾਰਾਗੜ੍ਹ ਮੋੜ ਤੋਂ ਹੁਸ਼ਿਆਰਪੁਰ-ਜਲੰਧਰ ਰੋਡ 'ਤੇ ਚੜ੍ਹਨ ਲੱਗਾ ਤਾਂ ਪਿੱਛੇ ਜਲੰਧਰ ਵਾਲੀ ਸਾਈਡ ਤੋਂ ਆ ਰਹੇ ਟੈਂਕਰ (ਟਰੱਕ) ਨੇ ਟੱਕਰ ਮਾਰ ਦਿੱਤੀ, ਜਿਸ ਮੋਟਰਸਾਈਕਲ ਚਾਲਕ ਕੱਚੇ ਪਾਸੇ ਵੱਲ ਡਿਗ ਗਿਆ ਤੇ ਪਤਨੀ ਸੜਕ ਵਿਚਕਾਰ ਡਿਗ ਗਈ | ਇਸ ਦੌਰਾਨ ਔਰਤ ਦੀ ਟੈਂਕਰ ਦੇ ਥੱਲੇ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਦੌਰਾਨ ਟੈਂਕਰ ਚਾਲਕ ਆਪਣੀ ਗੱਡੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ | ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਚੌਕੀ ਨਸਰਾਲਾ ਦੇ ਮੁਲਾਜ਼ਮ ਮੌਕੇ ਤੇ ਪਹੁੰਚੇ, ਜਿਨ੍ਹਾਂ ਵਲੋਂ ਅਣਪਛਾਤੇ ਵਾਹਨ ਤੇ ਕਾਰਵਾਈ ਮਾਮਲਾ ਦਰਜ ਕੀਤਾ ਹੈ | ਮਿ੍ਤਕ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ |