ਹੁਸ਼ਿਆਰਪੁਰ, 19 ਜੂਨ (ਬਲਜਿੰਦਰਪਾਲ ਸਿੰਘ)-ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਡਿਜੀਟਲ ਲਾਇਬ੍ਰੇਰੀ, ਹੁਸ਼ਿਆਰਪੁਰ ਵਿਚ 11.50 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਗਏ 30 ਕਿੱਲੋਵਾਟ ਸਮਰੱਥਾ ਵਾਲੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਵਰਧਮਾਨ ਗਰੁੱਪ ਵਲੋਂ ਆਪਣੇ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ (ਸੀ. ਐੱਸ. ਆਰ.) ਪ੍ਰੋਗਰਾਮ ਤਹਿਤ ਉਪਲਬਧ ਕਰਵਾਇਆ ਗਿਆ ਇਹ ਪ੍ਰਾਜੈਕਟ ਨਾ ਸਿਰਫ਼ ਵਾਤਾਵਰਨ ਸੰਭਾਲ ਵੱਲ ਮਹੱਤਵਪੂਰਨ ਕਦਮ ਹੈ, ਸਗੋਂ ਇਸ ਨਾਲ ਲਾਇਬ੍ਰੇਰੀ ਦੇ ਬਿਜਲੀ ਖ਼ਰਚ ਵਿਚ 75 ਫ਼ੀਸਦੀ ਤੋਂ ਵੱਧ ਦੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਦਸੰਬਰ 2023 ਵਿਚ ਸ਼ੁਰੂ ਹੋਈ ਡਿਜੀਟਲ ਲਾਇਬ੍ਰੇਰੀ ਪਿਛਲੇ ਦੋ ਸਾਲਾਂ ਤੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਦੇ ਪ੍ਰਬੰਧ ਹੇਠ ਸਫਲਤਾਪੂਰਵਕ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਇਥੇ ਅਧਿਐਨ ਕਰਨ ਵਾਲੇ ਕਈ ਨੌਜਵਾਨਾਂ ਨੇ ਰਾਜ ਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਵਰਧਮਾਨ ਗਰੁੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਦਯੋਗ ਜਗਤ ਅਤੇ ਸਮਾਜ ਦੇ ਸਾਂਝੇ ਯਤਨਾਂ ਨਾਲ ਸਿੱਖਿਆ ਅਤੇ ਨੌਜਵਾਨ ਸਸ਼ਕਤੀਕਰਨ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਉਨ੍ਹਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਵਿਦਿਆਰਥੀਆਂ ਦੇ ਹਿਤ ਵਿਚ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਐੱਸ. ਡੀ. ਐੱਮ. ਹੁਸ਼ਿਆਰਪੁਰ ਪਰਮਪ੍ਰੀਤ ਸਿੰਘ, ਵਰਧਮਾਨ ਗਰੁੱਪ ਵਲੋਂ ਗਰੁੱਪ ਹੈੱਡ ਇੰਦਰਮੋਹਨ ਜੀਤ ਸਿੰਘ ਸਿੱਧੂ, ਡਾਇਰੈਕਟਰ ਫਾਈਨੈਂਸ ਤਰੁਣ ਚਾਵਲਾ, ਚੀਫ਼ ਸਿਕਿਉਰਿਟੀ ਹੈੱਡ ਪ੍ਰਦੀਪ ਡਡਵਾਲ ਅਤੇ ਇਲੈਕਟ੍ਰੀਕਲ ਹੈੱਡ ਸਰਬਜੀਤ ਸਿੰਘ, ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ, ਸੰਯੁਕਤ ਸਕੱਤਰ ਅਦਿੱਤਿਆ ਰਾਣਾ, ਡਿਜੀਟਲ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਵਿਜੈ ਕੁਮਾਰ ਅਤੇ ਰਾਜੀਵ ਬਜਾਜ ਵੀ ਹਾਜ਼ਰ ਸਨ।