ਚੱਬੇਵਾਲ ’ਚ ਫਿਰ ਕਿਸਾਨਾਂ ਦੀਆਂ ਚਾਰ ਸਬਮਰਸੀਬਲ ਮੋਟਰਾਂ ਤੋਂ ਤਾਰਾਂ ਚੋਰੀ
ਚੱਬੇਵਾਲ, 1 ਅਗਸਤ (ਰਾਜੀਵ ਭਾਰਦਵਾਜ)- ਚੱਬੇਵਾਲ ਤੇ ਚੱਬੇਵਾਲ ਦੇ ਆਸ-ਪਾਸ ਪਿੰਡਾਂ ਵਿਚ ਕਿਸਾਨਾਂ ਦੀਆਂ ਮੋਟਰਾਂ ਤੋਂ ਲਗਾਤਾਰ ਸਬਮਰਸੀਬਲ ਤਾਰਾਂ ਚੋਰੀ ਹੋ ਰਹੀਆਂ ਹਨ । ਬੀਤੀ ਰਾਤ ਵੀ ਚੋਰਾਂ ਨੇ ਕਿਸਾਨ ਤਰਸੇਮ ਸਿੰਘ ਭੀਲੋਵਾਲ ਦੀਆਂ ਦੋ ਮੋਟਰਾਂ, ਗੁਰਜੀਤ ਸਿੰਘ ਚੱਬੇਵਾਲ, ਦਿਲਬਾਗ ਸਿੰਘ ਚੱਬੇਵਾਲ ਦੀ ਮੋਟਰ ਤੋਂ ਤਾਰ ਚੋਰੀ ਕਰ ਲਈ।
ਚੱਬੇਵਾਲ, 1 ਅਗਸਤ (ਰਾਜੀਵ ਭਾਰਦਵਾਜ)- ਚੱਬੇਵਾਲ ਤੇ ਚੱਬੇਵਾਲ ਦੇ ਆਸ-ਪਾਸ ਪਿੰਡਾਂ ਵਿਚ ਕਿਸਾਨਾਂ ਦੀਆਂ ਮੋਟਰਾਂ ਤੋਂ ਲਗਾਤਾਰ ਸਬਮਰਸੀਬਲ ਤਾਰਾਂ ਚੋਰੀ ਹੋ ਰਹੀਆਂ ਹਨ । ਬੀਤੀ ਰਾਤ ਵੀ ਚੋਰਾਂ ਨੇ ਕਿਸਾਨ ਤਰਸੇਮ ਸਿੰਘ ਭੀਲੋਵਾਲ ਦੀਆਂ ਦੋ ਮੋਟਰਾਂ, ਗੁਰਜੀਤ ਸਿੰਘ ਚੱਬੇਵਾਲ, ਦਿਲਬਾਗ ਸਿੰਘ ਚੱਬੇਵਾਲ ਦੀ ਮੋਟਰ ਤੋਂ ਤਾਰ ਚੋਰੀ ਕਰ ਲਈ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੋਟਰਾਂ ਤੋਂ ਪਹਿਲਾਂ ਵੀ ਕਈ ਵਾਰ ਤਾਰਾਂ ਚੋਰੀ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਵੱਲੋਂ ਹਰ ਵਾਰ ਥਾਣਾ ਚੱਬੇਵਾਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਚੋਰਾਂ ਨੂੰ ਪੁਲਿਸ ਫੜਨ ਵਿਚ ਨਾਕਾਮ ਰਹੀ ਹੈ। ਅੱਜ ਇਸੇ ਸੰਬੰਧ ਵਿਚ ਚੱਬੇਵਾਲ ਤੇ ਇਸ ਦੇ ਆਸ ਪਾਸ ਪਿੰਡਾਂ ਲਹਿਲੀ ਕਲਾਂ, ਪਿੰਡ ਬਿਹਾਲਾ, ਪਿੰਡ ਹੰਦੋਵਾਲ ਅਤੇ ਪਿੰਡ ਭੀਲੋਵਾਲ ਦੇ ਕਿਸਾਨ ਜਿਨ੍ਹਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਹੋਈਆਂ ਹਨ ਇਕੱਠੇ ਹੋ ਕੇ ਥਾਣਾ ਚੱਬੇਵਾਲ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਆਏ ਸਨ। ਮੌਕੇ ‘ਤੇ ਜਾਣਕਾਰੀ ਦਿੰਦੇ ਹੋਏ ਚੱਬੇਵਾਲ ਦੇ ਪੰਚਾਇਤ ਮੈਂਬਰ ਪਰਮਿੰਦਰ ਸਿੰਘ, ਪੰਚ ਦਿਲਬਾਗ ਸਿੰਘ, ਪਿੰਡ ਬਿਹਾਲਾ ਦੇ ਪੰਚ ਮਨਪ੍ਰੀਤ ਸਿੰਘ ਮਨੀ ਨੇ ਦੱਸਿਆ ਕਿ ਮੋਟਰਾਂ ਦੀਆਂ ਲਗਾਤਾਰ ਚੋਰੀ ਹੋ ਰਹੀਆਂ ਤਾਰਾਂ ਤੋਂ ਕਿਸਾਨ ਬਹੁਤ ਦੁਖੀ ਹਨ ਕਿਉਂਕਿ ਹਰ ਵਾਰ ਤਾਰ ਨਵੀਂ ਪਵਾਉਣ ਵਿਚ ਘੱਟੋ-ਘੱਟ ਅੱਠ ਤੋਂ ਦਸ ਹਜ਼ਾਰ ਰੁਪਏ ਖ਼ਰਚ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਚੋਰੀ ਹੋਈਆਂ ਤਾਰਾਂ ਦੇ ਸੰਬੰਧ ਵਿਚ ਥਾਣਾ ਚੱਬੇਵਾਲ ਵਿਖੇ ਇਕੱਠੇ ਹੋਏ ਸਨ ਪਰ ਜਦੋਂ ਉਹ ਥਾਣੇ ਪਹੁੰਚੇ ਤਾਂ ਦੇਖਿਆ ਕਿ ਥਾਣਾ ਇੰਚਾਰਜ ਮੌਕੇ ’ਤੇ ਹਾਜ਼ਰ ਨਹੀਂ ਸੀ, ਉਨ੍ਹਾਂ ਸੋਚਿਆ ਕਿ ਸ਼ਾਇਦ ਉਹ ਕਿ ਸੇ ਜ਼ਰੂਰੀ ਕੰਮ ਗਏ ਹੋਣ। ਉਨ੍ਹਾਂ ਨੇ ਜਦੋਂ ਥਾਣੇ ਵਿਚ ਮੁਨਸ਼ੀ ਨੂੰ ਮਿਲਣਾ ਚਾਹਿਆ ਤਾਂ ਦੇਖਿਆ ਕਿ ਮੁਨਸ਼ੀ ਵੀ ਥਾਣੇ ਵਿਚ ਹਾਜ਼ਰ ਨਹੀਂ ਸੀ । ਜਦੋਂ ਉਨ੍ਹਾਂ ਨੇ ਪਤਾ ਕੀਤਾ ਕਿ ਡਿਊਟੀ ਅਫ਼ਸਰ ਏ.ਐਸ.ਆਈ. ਪਰਮਜੀਤ ਸਿੰਘ ਹੈ ਤਾਂ ਉਨ੍ਹਾਂ ਨੇ ਪਰਮਜੀਤ ਸਿੰਘ ਨੂੰ ਫ਼ੋਨ ਕੀਤਾ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਾਰ-ਬਾਰ ਫ਼ੋਨ ਕਰਨ ‘ਤੇ ਪਰਮਜੀਤ ਸਿੰਘ ਫ਼ੋਨ ਨਹੀਂ ਚੁੱਕ ਰਿਹਾ ਸੀ । ਉਨ੍ਹਾਂ ਕਿਹਾ ਕਿ ਉਹ ਕੱਲ੍ਹ ਫਿਰ ਆਉਣਗੇ ਤੇ ਜੇਕਰ ਪੁਲਿਸ ਨੇ ਉਨ੍ਹਾਂ ਦੀ ਸੁਣਵਾਈ ਕਰਦੇ ਹੋਏ ਮੋਟਰਾਂ ਦੀਆਂ ਤਾਰਾਂ ਦੇ ਚੋਰਾਂ ਨੂੰ ਨਾ ਫੜਿਆ ਤਾਂ ਉਹ ਥਾਣੇ ਅੱਗੇ ਧਰਨਾ ਦੇਣਗੇ ਤੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ‘ਤੇ ਜਾਮ ਲਗਾਉਣਗੇ । ਇਸ ਮੌਕੇ ਜੋਗਿੰਦਰ ਸਿੰਘ ਭੀਲੋਵਾਲ, ਗੁਰਜੀਤ ਸਿੰਘ ਪ੍ਰਧਾਨ, ਤਜਿੰਦਰ ਸਿੰਘ, ਗੁਰਵਿੰਦਰ ਸਿੰਘ, ਰਣਵੀਰ ਸਿੰਘ ਪੰਮ, ਸਰਬਜੀਤ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ। ਇਸ ਸੰਬੰਧ ਵਿਚ ਡੀ.ਐਸ.ਪੀ. ਭਾਰਤ ਭੂਸ਼ਣ ਨਾਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐਸ.ਐਚ.ਓ. ਅੱਜ ਛੁੱਟੀ ‘ਤੇ ਸਨ ਅਤੇ ਉਹ ਪਰਮਜੀਤ ਨੂੰ ਇਸ ਬਾਰੇ ਪੁੱਛਣਗੇ।