ਐਮਾ ਮਾਂਗਟ, 25 ਜੂਨ (ਗੁਰਾਇਆ)-ਪਿੰਡ ਚੱਕ ਅੱਲਾ ਬਖ਼ਸ਼ ਦੇ ਰਹਿਣ ਵਾਲੇ ਜੋਗਾ ਸਿੰਘ ਨਾਲ ਕੁੱਝ ਨੌਜਵਾਨਾਂ ਵਲੋਂ ਏ. ਟੀ. ਐਮ. ਬਦਲ ਕੇ 20 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜੋਗਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਚੱਕ ਅੱਲ੍ਹਾ ਬਖਸ਼ ਮੁਕੇਰੀਆਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਕਰੀਬ 1 ਵਜੇ ਦੇ ਕਰੀਬ ਉਹ ਬੱਸ ਸਟੈਂਡ ਮੁਕੇਰੀਆਂ ਦੇ ਲਾਗੇ ਪੈਂਦੇ ਇੰਡੀਅਨ ਬੈਂਕ ਦੇ ਏ. ਟੀ. ਐਮ. ਵਿਚੋਂ ਆਪਣੇ ਪੈਸੇ ਕਢਵਾਉਣ ਲਈ ਗਿਆ ਸੀ ਕਿ ਜਦੋਂ ਉਹ ਪੈਸੇ ਕਢਵਾਉਣ ਲੱਗੇ ਤਾਂ ਇਕ ਦੋ ਵਾਰ ਕਾਰਡ ਪਾਉਣ ’ਤੇ ਉਨ੍ਹਾਂ ਕੋਲੋਂ ਪੈਸੇ ਨਾ ਨਿਕਲੇ ਤਾਂ ਲਾਗੇ ਖੜ੍ਹੇ ਇਕ ਨੌਜਵਾਨ ਨੇ ਜੋਗਾ ਸਿੰਘ ਕੋਲੋਂ ਕਾਰਡ ਲੈ ਕੇ ਮਸ਼ੀਨ ਵਿਚ ਪਾਇਆ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਆਪਣਾ ਕੋਡ ਲਾ ਲਓ ਤੇ ਫਿਰ ਤੁਹਾਡੇ ਪੈਸੇ ਕੱਢ ਦਿੰਦੇ ਹਾਂ ਅਤੇ ਜਦੋਂ ਜੋਗਾ ਸਿੰਘ ਨੇ ਕੋਡ ਲਾ ਕੇ ਪਿੱਛੇ ਹੋਇਆ ਤਾਂ ਜੋਗਾ ਸਿੰਘ ਦੇ ਖਾਤੇ ’ਚੋਂ ਕਰੀਬ 1 ਹਜ਼ਾਰ ਰੁਪਏ ਨਿਕਲੇ। ਨਾਲ ਹੀ ਉਨ੍ਹਾਂ ਦਾ ਏ. ਟੀ. ਐਮ. ਕਾਰਡ ਬਦਲ ਕੇ ਉਨ੍ਹਾਂ ਨੂੰ ਦੂਜਾ ਕਾਰਡ ਦੇ ਦਿੱਤਾ ਤੇ ਕਹਿਣ ਲੱਗੇ ਕਿ ਆਹ ਲਓ ਆਪਣਾ ਕਾਰਡ ਸਰਦਾਰ ਜੀ, ਹੁਣ ਤੁਸੀਂ ਆਪਣੇ ਪੈਸੇ ਆਪ ਕਢਾ ਲਵੋ। ਜਦੋਂ ਜੋਗਾ ਸਿੰਘ ਵਲੋਂ ਲਏ ਗਏ ਕਾਰਡ ਨੂੰ ਮਸ਼ੀਨ ਵਿਚ ਵਾਰ-ਵਾਰ ਪਾਇਆ ਗਿਆ ਤਾਂ ਮਸ਼ੀਨ ਵਿਚੋਂ ਕੋਈ ਵੀ ਪੈਸਾ ਬਾਹਰ ਨਹੀਂ ਨਿਕਲ ਰਿਹਾ ਸੀ ਉਸ ਦੇ ਬਾਅਦ ਜੋਗਾ ਸਿੰਘ ਨੇ ਉਸ ਏ. ਟੀ. ਐਮ. ਦੇ ਕੋਲ ਖੜ੍ਹੇ ਇਕ ਸਕਿਉਰਿਟੀ ਗਾਰਡ ਨੂੰ ਕਿਹਾ ਕਿ ਦੇਖਿਓ ਕਿ ਇਹ ਮਸ਼ੀਨ ਪੈਸੇ ਕਿਉਂ ਨਹੀਂ ਕੱਢ ਰਹੀ ਤਾਂ ਉਨ੍ਹਾਂ ਕਿਹਾ ਇਸ ਕਾਰਡ ਨੂੰ ਬੈਂਕ ਵਿਚ ਜਾ ਕੇ ਚੈੱਕ ਕਰਵਾਓ। ਬੈਂਕ ਵਾਲਿਆਂ ਨੇ ਕਿਹਾ ਕਿ ਇਹ ਤਾਂ ਸਾਡੇ ਬੈਂਕ ਦਾ ਕਾਰਡ ਹੀ ਨਹੀਂ ਹੈ ਤੇ ਤੁਹਾਡਾ ਖਾਤਾ ਚੈੱਕ ਕਰ ਦਿੰਦੇ ਹਾਂ ਜਦੋਂ ਉਨ੍ਹਾਂ ਖਾਤਾ ਚੈੱਕ ਕਰਵਾਇਆ ਤਾਂ ਉਨ੍ਹਾਂ ਦੇ ਖਾਤੇ ’ਚੋਂ ਕਰੀਬ 20 ਹਜ਼ਾਰ ਨਿਕਲ ਚੁੱਕੇ ਸਨ। ਬੈਂਕ ਵਾਲਿਆਂ ਨੇ ਖਾਤੇ ਨੂੰ ਬੰਦ ਕਰ ਦਿੱਤਾ। ਜੋਗਾ ਸਿੰਘ ਨੇ ਠੱਗੀ ਸੰਬੰਧੀ ਸ਼ਿਕਾਇਤ ਥਾਣਾ ਮੁਕੇਰੀਆਂ ਵਿਖੇ ਦਰਜ ਕਰਵਾ ਦਿੱਤੀ ਗਈ ਹੈ ਤੇ ਨਾਲ ਹੀ ਇਕ ਸਿਕਾਇਤ ਦੀ ਕਾਪੀ ਬੈਂਕ ਵਿਚ ਦਿੱਤੀ ਹੈ। ਇਸ ਸੰਬੰਧੀ ਬੈਂਕ ਦੇ ਕਰਮਚਾਰੀਆਂ ਨੇ ਏ. ਟੀ. ਐਮ. ਦੇ ਲੱਗੇ ਹੋਏ ਕੈਮਰਿਆਂ ਨੂੰ ਚੈੱਕ ਕੀਤਾ ਤਾਂ ਉਨ੍ਹਾਂ ਕੈਮਰਿਆਂ ਵਿਚ ਤਿੰਨ ਨੌਜਵਾਨਾਂ ਦਿਖਾਈ ਦੇ ਰਹੇ ਹਨ, ਇਕ ਤਾਂ ਏ. ਟੀ. ਐਮ. ਦੇ ਅੰਦਰ ਸੀ ਅਤੇ ਦੋ ਏ. ਟੀ. ਐਮ. ਦੇ ਬਾਹਰ ਖੜ੍ਹੇ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜੋਗਾ ਸਿੰਘ ਨੇ ਪੁਲਿਸ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮੇਰੇ ਨਾਲ ਵੱਜੀ ਹੋਈ ਠੱਗੀ ਦੀ ਤੁਰੰਤ ਐਫ. ਆਈ. ਆਰ. ਦਰਜ ਕਰਕੇ ਕੈਮਰੇ ਵਿਚ ਕੈਦ ਠੱਗਾਂ ਦੀ ਭਾਲ ਕੀਤੀ ਜਾਵੇ।
ਏ. ਟੀ. ਐਮ. ਕਾਰਡ ਬਦਲ ਕੇ ਤਿੰਨ ਨੌਜਵਾਨਾਂ ਨੇ ਮਾਰੀ 20 ਹਜ਼ਾਰ ਦੀ ਠੱਗੀ, ਕੈਮਰੇ ਵਿਚ ਕੈਦ ਹੋਏ ਠੱਗ
ਅਜੀਤ ਡੈਸਕ
26-06-2026