ਬੀਣੇਵਾਲ, 28 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਮਲਕੋਵਾਲ (ਨਾਨੋਵਾਲ) ਵਿਚ 22 ਜੂਨ ਨੂੰ ਦਿਨ ਦਿਹਾੜੇ ਦੁਪਹਿਰ ਕਰੀਬ 11 ਵਜੇ ਇਕ ਘਰ ਵਿਚ ਦਾਖਲ ਹੋ ਕੇ 6 ਲੱਖ ਰੁਪਏ ਅਤੇ ਕਰੀਬ ਸਤ ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਮੋਟਰਸਾਈਕਲ ’ਤੇ ਫ਼ਰਾਰ ਹੋਣ ਵਾਲਾ ਤਿੰਨ ਮੈਂਬਰੀ ਚੋਰ ਗਰੋਹ ਵਾਰਦਾਤ ਦੇ ਕਰੀਬ ਇਕ ਹਫ਼ਤੇ ਬਾਅਦ ਵੀ ਪੁਲਿਸ ਗ੍ਰਿਫ਼ਤ ਤੋਂ ਬਾਹਰ ਦੱਸਿਆ ਜਾਂਦਾ ਹੈ। ਹਾਲਾਂਕਿ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਉਂਕਾਰ ਸਿੰਘ ਲਗਾਤਾਰ ਚੋਰਾਂ ਦੀ ਭਾਲ ਵਿਚ ਜੀ ਜਾਨ ਨਾਲ ਲੱਗੇ ਹੋਏ ਹਨ ਪਰ ਚੋਰ ਇੰਨੇ ਸ਼ਾਤਿਰ ਦੱਸੇ ਜਾਂਦੇ ਹਨ ਕਿ ਪੁਲਿਸ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਪੁਲਿਸ ਦੇ ਹੱਥੇ ਨਹੀਂ ਚੜ੍ਹ ਰਹੇ। ਜ਼ਿਕਰਯੋਗ ਹੈ ਕਿ ਅੱਡਾ ਝੁੰਗੀਆਂ ਤੋਂ ਸ੍ਰੀ ਖੁਰਾਲਗੜ੍ਹ ਨੂੰ ਜਾਂਦੀ ਮੇਨ ਸੜਕ ’ਤੇ ਪੈਂਦੇ ਪਿੰਡ ਮਲਕੋਵਾਲ (ਨਾਨੋਵਾਲ) ਵਿਚ ਅਵਤਾਰ ਸਿੰਘ ਪੁੱਤਰ ਮਹਿੰਗਾ ਸਿੰਘ ਦੇ ਘਰ ਵਿਚ ਚੋਰਾਂ ਨੇ ਉਸ ਵਕਤ ਨਕਦੀ ਤੇ ਗਹਿਣਿਆਂ ਤੇ ਹੱਥ ਸਾਫ਼ ਕੀਤਾ ਜਦ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਵਿਚ ਮੌਜੂਦ ਨਹੀਂ ਸੀ। ਲੜਕਾ ਨੰਗਲ ਡਿਊਟੀ ’ਤੇ ਗਿਆ ਸੀ ਜਦ ਕਿ ਅਵਤਾਰ ਸਿੰਘ ਆਪਣੀ ਪਤਨੀ ਤੇ ਬੇਟੀ ਨਾਲ ਨਵਾਂਸ਼ਹਿਰ ਦੇ ਹਸਪਤਾਲ ਵਿਚ ਦਵਾਈ ਲੈਣ ਗਏ ਸਨ। ਘਟਨਾ ਦਾ ਖ਼ੁਲਾਸਾ ਵੀ ਉਨ੍ਹਾਂ ਦੇ ਘਰ ਪਰਤਣ ’ਤੇ ਹੀ ਹੋਇਆ ਦੱਸਿਆ ਜਾਂਦਾ ਹੈ। ਤਿੰਨੋ ਚੋਰਾਂ ਦੀਆਂ ਤਸਵੀਰ ਵੀ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਸਾਫ਼ ਸਾਫ਼ ਨਜ਼ਰ ਆ ਰਹੀਆਂ ਸਨ। ਇਕੱਤਰ ਹੋਰ ਜਾਣਕਾਰੀ ਮੁਤਾਬਿਕ ਇਸੇ ਗਰੋਹ ਵਲੋਂ ਇਸੇ ਤਰ੍ਹਾਂ ਦੀਆਂ 4 ਵਾਰਦਾਤਾਂ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਚ ਪੈਂਦੇ ਪੁਲਿਸ ਸਟੇਸ਼ਨ ਟਾਹਲੀਵਾਲ ਵਿਚ ਵੀ ਕੀਤੀਆਂ ਹਨ ਅਤੇ ਇਨ੍ਹਾਂ ਦੇ ਵਿਰੁੱਧ ਵੱਖ-ਵੱਖ ਚਾਰ ਮੁਕੱਦਮੇ ਵੀ ਊਨਾ ਪੁਲਿਸ ਨੇ ਦਰਜ ਕੀਤੇ ਹਨ। ਹਿਮਾਚਲ ਪੁਲਿਸ ਇਨ੍ਹਾਂ ਚੋਰਾਂ ਦੇ ਮਗਰ ਲੱਗੀ ਹੋਈ ਸੀ ਕਿ ਇਨ੍ਹਾਂ ਵਲੋਂ ਮਲਕੋਵਾਲ (ਨਾਨੋਵਾਲ) ਵਾਲੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਤੇ ਮਲਕੋਵਾਲ ਤੋਂ ਨੈਣਵਾਂ ਹੁੰਦੇ ਹੋਏ ਪੋਜੇਵਾਲ ਸਾਈਡ ਨੂੰ ਫ਼ਰਾਰ ਹੋ ਗਏ। ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਉਂਕਾਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਹੋ ਚੁੱਕੀ ਹੈ। ਪਰ ਉਹ ਪਹਿਚਾਣ ਨੂੰ ਜਨਤਕ ਨਹੀਂ ਕਰ ਸਕਦੇ। ਉਨ੍ਹਾਂ ਨਾਲ ਹੀ ਕਿਹਾ ਕਿ ਹਿਮਾਚਲ ਪ੍ਰਦੇਸ਼ ਪੁਲਿਸ ਵੀ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ ਤੇ ਦੋਸ਼ੀ ਬਹੁਤ ਜਲਦੀ ਪੁਲਿਸ ਦੇ ਸ਼ਿਕੰਜੇ ਵਿਚ ਹੋਣਗੇ। ਇਥੇ ਇਕ ਹੋਰ ਹੈਰਾਨੀ ਵਾਲੀ ਗਲ ਹੈ ਕਿ ਕਥਿਤ ਦੋਸ਼ੀ ਹਿਮਾਚਲ ਪ੍ਰਦੇਸ਼ ਤੋਂ ਹੁੰਦੇ ਹੋਏ ਗੜ੍ਹਸ਼ੰਕਰ ਫਿਰ ਅੱਗੇ ਪੋਜੇਵਾਲ ਤੇ ਇਸ ਤੋਂ ਬਾਅਦ ਜ਼ਿਲ੍ਹਾ ਰੋਪੜ ਵਿਚ ਦਾਖਲ ਹੋਏ ਪਰ ਕਰੀਬ ਚਾਰ ਜ਼ਿਲ੍ਹਿਆ ਵਿਚ ਬਿਨਾ ਨੰਬਰੀ ਮੋਟਰਸਾਈਕਲ ’ਤੇ ਟ੍ਰਿਪਲ ਸਵਾਰੀ ਹੁੰਦੇ ਹੋਏ ਕਿਸੇ ਵੀ ਨਾਕੇ ਤੇ ਪੁਲਿਸ ਨੇ ਚੋਰਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।
ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਫ਼ਤੇ ਬਾਅਦ ਵੀ ਪੁਲਿਸ ਗ੍ਰਿਫ਼ਤ ਤੋਂ ਬਾਹਰ
ਅਜੀਤ ਡੈਸਕ
29-06-2026