ਸਿਵਲ ਹਸਪਤਾਲ ’ਚ ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਦੇ ਸਹਿਯੋਗ ਨਾਲ ਲਗਾਇਆ ਪੋਲਿਓ ਬੂਥ
ਹੁਸ਼ਿਆਰਪੁਰ, 28 ਜੂਨ (ਨਰਿੰਦਰ ਸਿੰਘ ਬੱਡਲਾ)-ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਵਿਚ ਤਿੰਨ ਰੋਜ਼ਾ ਇੰਟੈਂਸੀਫਾਈਡ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿਚ 799 ਪੋਲਿਓ ਬੂਥ ਸਥਾਪਿਤ ਕੀਤੇ ਗਏ ਹਨ ਤਾਂ ਜੋ 0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਤੱਕ ਪੋਲਿਓ ਦੀ ਜੀਵਨ ਰੱਖਿਅਕ ਖ਼ੁਰਾਕ ਪਹੁੰਚਾਈ ਜਾ ਸਕੇ। ਮੁਹਿੰਮ ਦੇ ਪਹਿਲੇ ਦਿਨ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਾਈਨਜ਼ ਕਲੱਬ ਹੁਸ਼ਿਆਰਪੁਰ ਪਰਲ ਦੇ ਸਹਿਯੋਗ ਨਾਲ ਵਿਸ਼ੇਸ਼ ਪੋਲਿਓ ਬੂਥ ਲਗਾਇਆ, ਜਿਥੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਤੇ ਲਾਈਨਜ਼ ਕਲੱਬ ਹੁਸ਼ਿਆਰਪੁਰ ਪਰਲ ਦੇ ਪ੍ਰਧਾਨ ਲਾਇਨ ਵਿਜੇ ਅਰੋੜਾ ਨੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾ ਕੇ ਮੁਹਿੰਮ ਦਾ ਰਸਮੀ ਸ਼ੁੱਭ ਆਰੰਭ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ 0 ਤੋਂ 5 ਸਾਲ ਤੱਕ ਦੇ 1,26,186 ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ਭਰ ਵਿਚ 799 ਪੋਲਿਓ ਬੂਥ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿਚ 753 ਫਿਕਸਡ ਬੂਥ, 25 ਟਰਾਂਜ਼ਿਟ ਬੂਥ ਤੇ 21 ਮੋਬਾਈਲ ਟੀਮਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ 29 ਤੇ 30 ਜੂਨ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਉਨ੍ਹਾਂ ਬੱਚਿਆਂ ਨੂੰ ਪੋਲਿਓ ਦੀ ਖ਼ੁਰਾਕ ਪਿਲਾਉਣਗੀਆਂ ਜੋ ਕਿਸੇ ਕਾਰਨ ਕਰਕੇ ਅੱਜ ਬੂਥਾਂ ਤੱਕ ਨਹੀਂ ਪਹੁੰਚ ਸਕੇ। ਇਸ ਮੌਕੇ ਲਾਈਨਜ਼ ਹੁਸ਼ਿਆਰਪੁਰ ਪਰਲ ਦੇ ਪ੍ਰਧਾਨ ਲਾਇਨ ਵਿਜੇ ਅਰੋੜਾ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨਾਲ ਜੁੜੀਆਂ ਮੁਹਿੰਮਾਂ ਵਿਚ ਸਮਾਜਿਕ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਇਸ ਮੌਕੇ ਲਾਈਨਜ਼ ਕਲੱਬ ਹੁਸ਼ਿਆਰਪੁਰ ਪਰਲ ਦੇ ਪ੍ਰਧਾਨ ਲਾਇਨ ਵਿਜੇ ਅਰੋੜਾ, ਲਾਇਨ ਸੰਜੀਵ ਅਰੋੜਾ, ਲਾਇਨ ਹਰਜੀਤ ਸਿੰਘ ਭਾਟੀਆ, ਲਾਇਨ ਹਰੀਸ਼ ਚੁੱਘ, ਲਾਇਨ ਰਾਜੇਸ਼ ਨੰਦਾ ਤੇ ਲਾਇਨ ਸੁਖਵੰਤ ਸਿੰਘ ਹਾਜ਼ਰ ਸਨ।
ਜ਼ਿਲ੍ਹੇ ਵਿਚ ਇੰਟੈਂਸੀਫਾਈਡ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ
ਅਜੀਤ ਡੈਸਕ
29-06-2026