ਹਰਿਆਣਾ, 8 ਜੁਲਾਈ (ਹਰਮੇਲ ਸਿੰਘ ਖੱਖ)-ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ, ਢੋਲਬਾਹਾ ਨੇ ਗ੍ਰਾਮ ਪੰਚਾਇਤ ਢੋਲਬਾਹਾ ਨਾਲ ਇੱਕ ਸਮਝੌਤਾ ਪੱਤਰ (ਐਮ.ਓ.ਯੂ) ‘ਤੇ ਹਸਤਾਖਰ ਕੀਤੇ ਤਾਂ ਜੋ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅਧੀਨ ਰਾਸ਼ਟਰੀ ਸਿੱਖਿਆ ਨੀਤੀ (ਐਨ. ਈ. ਪੀ) 2020 ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ ਕਮਿਊਨਿਟੀ ਆਊਟਰੀਚ ਪ੍ਰੋਗਰਾਮ (ਸੀ. ਓ. ਪੀ.) ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਇਸ ਸਮਝੌਤੇ ‘ਤੇ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਅਤੇ ਪਿੰਡ ਢੋਲਬਾਹਾ ਦੇ ਸਰਪੰਚ ਮੰਗਤ ਰਾਮ ਨੇ ਦਸਤਖ਼ਤ ਕੀਤੇ। ਇਸ ਮੌਕੇ ਸਾਬਕਾ ਫ਼ੌਜੀ ਸਤੀਸ਼ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਕਮਿਊਨਿਟੀ ਆਊਟਰੀਚ ਪ੍ਰੋਗਰਾਮ ਦੀ ਨੋਡਲ ਅਫ਼ਸਰ ਸਹਾਇਕ ਪ੍ਰੋਫੈਸਰ ਮੋਨਿਕਾ ਨੇ ਇਸ ਪਹਿਲ ਦੇ ਤਾਲਮੇਲ ਅਤੇ ਸਮਝੌਤਾ ਪੱਤਰ ਦੀ ਪ੍ਰਕਿਰਿਆ ਨੂੰ ਸਫਲਤਾ ਪੂਰਵਕ ਮੁਕੰਮਲ ਕਰਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦੇ ਅਧਿਆਪਕ ਸਟਾਫ਼ ਵਿਚ ਡਾ. ਹਰਜੋਤ ਸਿੰਘ ਅਤੇ ਸਹਾਇਕ ਪ੍ਰੋਫੈਸਰ ਮਨਦੀਪ ਕੌਰ ਵੀ ਹਾਜ਼ਰ ਸਨ। ਇਸ ਪਹਿਲ ਦਾ ਮੁੱਖ ਉਦੇਸ਼ ਕਾਲਜ ਤੇ ਸਥਾਨਕ ਭਾਈਚਾਰੇ ਵਿਚਕਾਰ ਸੰਸਥਾਗਤ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਵਿਦਿਆਰਥੀਆਂ ਨੂੰ ਜ਼ਮੀਨੀ ਪੱਧਰ ਦੇ ਸਮਾਜਿਕ ਅਤੇ ਨਾਗਰਿਕ ਮੁੱਦਿਆਂ ਅਤੇ ਪ੍ਰਕਿਰਿਆਵਾਂ ਬਾਰੇ ਵਿਹਾਰਕ ਤਜਰਬਾ ਪ੍ਰਦਾਨ ਕਰਨਾ ਹੈ। ਸਮਝੌਤਾ ਪੱਤਰ ਤਹਿਤ ਅੰਡਰ-ਗ੍ਰੈਜੂਏਟ ਵਿਦਿਆਰਥੀ ਸਬੰਧਿਤ ਅਕਾਦਮਿਕ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੋ ਅਕਾਦਮਿਕ ਕਰੈਡਿਟ ਵਾਲੇ 60 ਘੰਟਿਆਂ ਦੇ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਵਿਚ ਭਾਗ ਲੈਣਗੇ। ਇਹ ਪ੍ਰੋਗਰਾਮ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪ੍ਰਤੱਖ ਤੇ ਫ਼ੀਲਡ ਮੋਡ ਵਿੱਚ ਕਰਵਾਇਆ ਜਾਵੇਗਾ। ਪ੍ਰੋਗਰਾਮ ਦੇ ਹਿੱਸੇ ਵਜੋਂ ਵਿਦਿਆਰਥੀ ਵੱਖ-ਵੱਖ ਭਾਈਚਾਰਾ-ਕੇਂਦਰਿਤ ਗਤੀਵਿਧੀਆਂ ਵਿੱਚ ਭਾਗ ਲੈ ਸਕਣਗੇ, ਜਿਨ੍ਹਾਂ ਵਿੱਚ ਕਮਿਊਨਿਟੀ ਸਰਵੇਖਣ, ਸਮਾਜ ਭਲਾਈ ਪ੍ਰੋਗਰਾਮ, ਵਾਤਾਵਰਣ ਸੰਭਾਲ ਪਹਿਲਕਦਮੀਆਂ, ਸਾਖਰਤਾ ਮੁਹਿੰਮਾਂ, ਸਿਹਤ ਜਾਗਰੂਕਤਾ ਮੁਹਿੰਮਾਂ, ਪੇਂਡੂ ਵਿਕਾਸ ਗਤੀਵਿਧੀਆਂ ਤੇ ਸਥਾਨਕ ਸ਼ਾਸਨ ਪ੍ਰਕਿਰਿਆਵਾਂ ਸ਼ਾਮਲ ਹਨ।