ਪੱਖੋਵਾਲ/ਸਰਾਭਾ, 31 ਦਸੰਬਰ (ਖੁਸ਼ਵਿੰਦਰ ਸਿੰਘ ਸਰਾਭਾ)-ਸਾਲ 2025 ਕਿਰਸਾਨੀ ਲਈ ਭਾਰੀ ਘਾਟੇ ਦੇ ਸਾਲ ਵਜੋਂ ਦਰਜ ਹੋ ਗਿਆ ਹੈ, ਕਿਉਂਕਿ ਇਸ ਵਰੇ੍ਹ ਜਿੱਥੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਦੀ ਪੈਦਾਵਾਰ ਘਟਣ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਘਾਟਾ ਹੋਇਆ ਹੈ, ਉੱਥੇ ਹੀ ਦਸੰਬਰ ਮਹੀਨੇ 'ਚ ਪੈ ਰਹੀ ਧੁੰਦ 'ਤੇ ਠੰਡ ਦਾ ਫਾਇਦਾ ਚੁੱਕਦਿਆ ਚੋਰਾਂ ਨੇ ਖੇਤਾਂ ਦੀਆਂ ਮੋਟਰਾਂ ਤੋਂ ਟਰਾਂਸਫਾਰਮਰ, ਕੇਬਲ ਤਾਰਾਂ, ਸਟਾਟਰ, ਫਿਊਜ਼, ਕਹੀਆਂ, ਸਪਰੇ ਪੰਪ ਆਦਿ ਸਮਾਨ ਚੋਰੀ ਕਰਕੇ ਭਾਰੀ ਨੁਕਸਾਨ ਕਰਦਿਆਂ ਤਰਥੱਲੀ ਮਚਾਈ ਪਈ ਹੈ, ਆਏ ਦਿਨ ਵੱਖ-ਵੱਖ ਪਿੰਡਾਂ 'ਚੋਂ 8-10 ਟਰਾਂਸਫਾਰਮਰ ਚੋਰੀ ਹੋਣਾ ਇਕ ਆਮ ਜਿਹੀ ਗੱਲ ਬਣ ਗਈ ਹੈ | ਜਾਣਕਾਰੀ ਦਿੰਦਿਆਂ ਪਿੰਡ ਪੱਖੋਵਾਲ ਦੇ ਕਿਸਾਨ ਚਰਨਜੀਤ ਸਿੰਘ, ਜਗਸੀਰ ਸਿੰਘ, ਬਲਜਿੰਦਰ ਸਿੰਘ, ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡੋ ਬੀਤੀ ਰਾਤ ਪਿਛਲੇ ਦਿਨੀਂ ਵੱਖ-ਵੱਖ ਥਾਵਾਂ ਤੋਂ ਅੱਧੀ ਦਰਜਨ ਦੇ ਕਰੀਬ ਟਰਾਂਸਫਾਰਮਰ, ਕੇਬਲ ਤਾਰਾਂ, ਮੋਟਰਾਂ ਦੇ ਸਟਾਟਰ ਸਮੇਤ ਹੋਰ ਸਮਾਨ ਚੋਰੀ ਕਰ ਲਿਆ ਹੈ | ਕਈ ਸੜਕਾਂ ਨੇੜਲੇ ਟਰਾਂਸਫਾਰਮਰ ਤਾਂ ਪਿਛਲੇ ਕੁਝ ਮਹੀਨਿਆਂ 'ਚ ਹੀ ਚਾਰ-ਪੰਜ ਵਾਰ ਚੋਰੀ ਹੋ ਚੁੱਕੇ ਹਨ ਤੇ ਚੋਰਾਂ ਨੇ ਇਲਾਕੇ 'ਚ ਤਰਥੱਲੀ ਮਚਾਉਂਦਿਆਂ ਪਿੰਡ ਰਾਜਗੜ੍ਹ, ਕੈਲੇ, ਸਰਾਭਾ ਤੇ ਹੋਰ ਲਾਗਲੇ ਪਿੰਡਾਂ 'ਚੋਂ ਵੀ ਵੱਡੀ ਗਿਣਤੀ 'ਚ ਟਰਾਂਸਫਾਰਮਰ ਚੋਰੀ ਕੀਤੇ ਹਨ | ਪੁਲਿਸ ਪ੍ਰਸ਼ਾਸਨ ਇਨ੍ਹਾਂ ਚੋਰੀਆਂ ਨੂੰ ਰੋਕਣ 'ਚ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ ਤੇ ਕਿਸਾਨਾਂ ਵਲੋਂ ਇਨ੍ਹਾਂ ਚੋਰੀਆਂ ਦੀ ਰਿਪੋਰਟ ਕਰਵਾਉਣ ਸਮੇਂ ਵੀ ਮੌਕੇ 'ਤੇ ਹਾਜ਼ਰ ਮੁਲਾਜ਼ਮਾਂ ਵਲੋਂ ਥਾਣਿਆਂ ਅੰਦਰ ਘੱਟ ਨਫ਼ਰੀ ਹੋਣ ਦਾ ਰਟਿਆ-ਰਟਾਇਆ ਜਿਹਾ ਬਹਾਨਾ ਲਗਾਇਆ ਜਾ ਰਿਹਾ ਹੈ | ਇਸ ਮੌਕੇ ਸਰਪੰਚ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ ਪੰਚ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਨੇ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਇਲਾਕੇ 'ਚ ਚੋਰਾਂ ਨੂੰ ਠੱਲ੍ਹ ਪਾਉਣ ਅਤੇ ਕਿਰਸਾਨੀ ਨੂੰ ਬਚਾਉਣ ਲਈ ਜਲਦ ਤੋਂ ਜਲਦ ਕਿਸਾਨਾਂ ਨਾਲ ਮਿਲਕੇ ਕਮੇਟੀਆਂ ਬਣਾਉਣ ਤੇ ਟਾਸਕ ਫੋਰਸ ਦਾ ਗਠਨ ਕਰਕੇ ਪਹਿਰੇਦਾਰੀ ਸ਼ੁਰੂ ਕਰਨ ਤਾਂ ਜੋ ਕਿਸਾਨਾਂ ਨੂੰ ਸੁੱਖ ਦਾ ਸਾਹ ਮਿਲ ਸਕੇ |