ਮੁੱਲਾਂਪੁਰ-ਦਾਖਾ, 5 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ ਦੇ ਅਹਿਮ ਪਿੰਡ ਪਮਾਲੀ ਵਿਖੇ ਸ਼ੀਤਲਾ ਮਾਤਾ ਮੰਦਰ ਕਮੇਟੀ ਦੇ ਮੁੱਖ ਸੇਵਾਦਾਰ ਭਗਤ ਹਰਦਿਆਲ ਸਿੰਘ ਵਲੋਂ ਸਮੂਹ ਨਗਰ, ਗ੍ਰਾਮ ਪੰਚਾਇਤ, ਸੰਗਤ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਉਪਰੰਤ ਧੀਆਂ ਦੀ ਲੋਹੜੀ ਮਨਾਈ ਗਈ | ਸ਼ੀਤਲਾ ਮਾਤਾ ਮੰਦਰ ਨੂੰ ਨਵੀਂ ਦਿੱਖ ਦੇਣ ਵਾਲੇ ਭਗਤ ਹਰਦਿਆਲ ਸਿੰਘ ਦੁਆਰਾ ਧੀਆਂ ਦੀ ਲੋਹੜੀ ਨਿਵੇਕਲੇ ਪ੍ਰੋਗਰਾਮ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਈਸੇਵਾਲ, ਬਲਾਕ ਕਾਂਗਰਸ ਪ੍ਰਧਾਨ ਸੁਖਵਿੰਦਰ ਸਿੰਘ ਗੋਲੂ, ਹਲਕਾ ਦਾਖਾ ਲਈ ਯੂਥ ਕਾਂਗਰਸ ਪ੍ਰਧਾਨ ਤਨਵੀਰ ਸਿੰਘ ਜੋਧਾਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਵੱਡੇ ਇਕੱਠ ਵਿਚ ਔਰਤਾਂ ਵਲੋਂ ਆਪਣੀਆਂ ਨਵ-ਜੰਮੀਆਂ ਧੀਆਂ ਨਾਲ ਸ਼ਮੂਲੀਅਤ ਕੀਤੀ | ਢੋਲ ਦੀ ਤਾਲ 'ਤੇ ਗਿੱਧੇ-ਭੰਗੜੇ ਦੌਰਾਨ ਉੱਘੀ ਗਾਇਕ ਜੋੜੀ ਗੁਰਜੰਟ ਜੰਟਾ-ਸਿਮਰਨ ਜਯੋਤੀ ਅਤੇ ਬੀਬੀ ਗੁਰਤੇਜ ਕੋਮਲ ਨੇ ਚੰਗਾ ਰੰਗ ਬੰਨਿ੍ਹਆਂ | ਮਨਪ੍ਰੀਤ ਸਿੰਘ ਈਸੇਵਾਲ ਵਲੋਂ ਭਗਤ ਹਰਦਿਆਲ ਸਿੰਘ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ੀਤਲਾ ਮਾਤਾ ਮੰਦਰ ਪਮਾਲੀ ਪ੍ਰਬੰਧਕੀ ਕਮੇਟੀ ਵਲੋਂ ਧੀਆਂ ਦੀ ਲੋਹੜੀ ਪਾ ਕੇ ਸਮੁੱਚੀ ਔਰਤ ਜਾਤੀ ਦਾ ਮਾਣ ਅਤੇ ਸਤਿਕਾਰ ਵਧਾਇਆ | ਈਸੇਵਾਲ ਵਲੋਂ ਛੋਟੀਆਂ ਬੱਚੀਆਂ ਨੂੰ ਗਰਮ ਕੱਪੜੇ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਸੂਟ, ਸ਼ਾਲ ਭੇਂਟ ਕੀਤੇ ਗਏ | ਮੰਦਰ ਕਮੇਟੀ ਪ੍ਰਬੰਧਕਾਂ ਵਲੋਂ ਮਨਪ੍ਰੀਤ ਸਿੰਘ ਈਸੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਜ ਨੂੰ ਉਸਾਰੂ ਲੀਹਾਂ 'ਤੇ ਤੋਰਨ ਵਾਲੇ ਇਸ ਸਮਾਰੋਹ ਵਿਚ ਰਿਟਾ: ਏ.ਡੀ.ਓ ਅਵਤਾਰ ਸਿੰਘ, ਹਰਮੇਲ ਸਿੰਘ, ਗੁਰਪਾਲ ਸਿੰਘ, ਕਿਰਨਪਾਲ ਕੌਰ, ਅਮਰਜੀਤ ਕੌਰ, ਰੂਬੀ, ਇੰਦਰਜੀਤ ਕੌਰ, ਰਣਜੀਤ ਕੌਰ, ਹੋਰ ਵੱਡੀ ਤਾਆਦ ਲੋਕ ਜੁੜੇ |