ਮੁੱਲਾਂਪੁਰ-ਦਾਖਾ, 23 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ. ਦੇ ਨਾਮਵਰ ਵਿੱਦਿਅਕ ਅਦਾਰੇ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਵਿਦਿਆਰਥੀ, ਅਧਿਆਪਕਾਂ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ | ਪੀਲੇ ਰੰਗ ਦੇ ਪਹਿਰਾਵੇ ਵਿਚ ਸਕੂਲ ਪਹੁੰਚੇ ਵਿਦਿਆਰਥੀਆਂ ਵਲੋਂ ਬਸੰਤ ਨਾਲ ਸਬੰਧਿਤ ਕਵਿਤਾਵਾਂ, ਗੀਤ ਦੀ ਪੇਸ਼ਕਾਰੀ ਕੀਤੀ ਗਈ | ਇਸ ਸਮੇਂ ਵਿਦਿਆਰਥੀਆਂ ਵਿਚਕਾਰ ਬਸੰਤ ਨੂੰ ਸਮਰਪਿਤ ਪਤੰਗ ਬਣਾਉਣ, ਪੋਸਟਰ ਮੇਕਿੰਗ, ਹੋਰ ਮੁਕਾਬਲੇ ਕਰਵਾਏ ਗਏ | ਵਿਦਿਆਰਥੀ, ਅਧਿਆਪਕਾਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੰਦਿਆਂ ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਨੇ ਕਿਹਾ ਕਿ ਬਸੰਤ ਪੰਚਮੀ ਤਿਉਹਾਰ ਸ਼ੀਤ ਲਹਿਰ ਦੇ ਬੀਤਣ ਅਤੇ ਬਸੰਤ ਦੀ ਸ਼ੁਰੂਆਤ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ, ਇਸ ਦਿਨ ਕਲਾ ਅਤੇ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਪੂਜਾ ਵੀ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਬਸੰਤ ਦਾ ਤਿਉਹਾਰ ਖ਼ੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ਹੈ, ਬਦਲਦੇ ਸਮੇਂ ਦੇ ਨਾਲ ਸਾਰੀਆਂ ਰੁੱਤਾਂ ਦਾ ਆਪਣਾ ਮਹੱਤਵ ਹੈ, ਪ੍ਰੰਤੂ ਬਸੰਤ ਰੁੱਤ ਦਾ ਸਵਾਗਤ ਸਭ ਤੋਂ ਜ਼ਿਆਦਾ ਖ਼ੁਸ਼ੀ ਅਤੇ ਉਤਸ਼ਾਹ ਨਾਲ ਕੀਤਾ ਜਾਂਦਾ ਹੈ | ਬਸੰਤ ਨੂੰ ਸਮਰਪਿਤ ਵੱਖੋ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ |