ਮੁੱਲਾਂਪੁਰ-ਦਾਖਾ, 24 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਸੂਬੇ 'ਚ ਮੁਫ਼ਤ ਸਿਹਤ ਸੰਭਾਲ ਮੁਹੱਈਆ ਕਰਨ ਦੇ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਸਿਹਤ ਯੋਜਨਾ ਦਾ ਹਰ ਇਕ ਨਾਗਰਿਕ ਨੂੰ ਲਾਭ ਲੈਣਾ ਚਾਹੀਦਾ, ਤਾਂ ਜੋ ਕਿਸੇ ਨੂੰ ਵੀ ਮੁਫ਼ਤ ਡਾਕਟਰੀ ਇਲਾਜ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ, ਇਹ ਪ੍ਰਗਟਾਵਾ ਹਲਕਾ ਦਾਖਾ 'ਚ ਆਮ ਆਦਮੀ ਪਾਰਟੀ ਦੇ ਮੀਡੀਆ ਕੋਆਰਡੀਨੇਟਰ ਮੁਕੇਸ਼ ਬਾਂਸਲ ਅਤੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਧਾਲੀਵਾਲ ਵਲੋਂ ਮੰਡੀ ਮੁੱਲਾਂਪੁਰ 'ਚ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ਵੱਲ ਵਧਦਿਆਂ ਕੀਤਾ | ਮੁਕੇਸ਼ ਬਾਂਸਲ, ਸੁਖਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਯੋਜਨਾ ਨਾਲ ਹੁਣ ਕੋਈ ਵੀ ਵਿਅਕਤੀ ਇਲਾਜ ਤੋਂ ਵਾਂਝਾ ਨਹੀਂ ਰਹਿ ਸਕਦਾ | ਦਸ ਲੱਖ ਰੁਪਏ ਤੱਕ ਦੇ ਮੁਫਤ ਇਲਾਜ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਅਤੇ ਚੰਡੀਗੜ੍ਹ ਦੇ ਨਿੱਜੀ ਹਸਪਤਾਲਾਂ ਨੂੰ ਵੀ ਲਿਆ ਗਿਆ ਹੈ, ਜਿਥੇ ਸਰਜਰੀਆਂ, ਕੈਂਸਰ ਦਾ ਇਲਾਜ, ਦਿਲ ਦੀਆਂ ਬਿਮਾਰੀਆਂ ਦਾ ਇਲਾਜ, ਡਾਇਲਸਿਸ, ਹੋਰ ਇਲਾਜ ਹੁਣ ਇਸ ਰਜਿਸਟ੍ਰੇਸ਼ਨ ਹੇਠ ਹੋਵੇਗਾ | ਆਮ ਆਦਮੀ ਪਾਰਟੀ ਦੇ ਹਲਕਾ ਦਾਖਾ 'ਚ ਉਕਤ ਆਗੂਆਂ ਨੇ ਹਰ ਇਕ ਨੂੰ ਅਪੀਲ ਕੀਤੀ ਕਿ ਮੁਫ਼ਤ ਇਲਾਜ ਵਾਲੀ ਰਜਿਸਟ੍ਰੇਸ਼ਨ ਕਰਵਾ ਕੇ ਮਹਿੰਗੇ ਡਾਕਟਰੀ ਇਲਾਜ ਤੋਂ ਬਚਿਆ ਜਾਵੇ | ਜ਼ਿਕਰਯੋਗ ਹੈ ਕਿ ਸੂਬੇ ਭਰ 'ਚ ਕਰੀਬ 65 ਲੱਖ ਪਰਿਵਾਰ ਵਸਦਾ, ਇੰਨ੍ਹਾਂ ਪਰਿਵਾਰਾਂ ਵਿਚ ਕਈ ਕਰੋੜ ਨਾਗਰਿਕਾਂ ਨੂੰ ਪੰਜਾਬ ਸਰਕਾਰ ਸਿਹਤ ਕਾਰਡ ਜਾਰੀ ਕਰਨ ਵਿਚ ਲੱਗੀ ਹੋਈ ਹੈ | ਮੁਕੇਸ਼ ਬਾਂਸਲ, ਸੁਖਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੂਬੇ ਵਿਚ ਮੁਫ਼ਤ ਸਿਹਤ ਸੰਭਾਲ ਸੇਵਾਵਾਂ ਦੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ |