ਰਾਏਕੋਟ, 24 ਜਨਵਰੀ (ਸੁਸ਼ੀਲ)-ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ: ਗੁਰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਗਗਨਦੀਪ ਕੌਰ ਖੇਤੀਬਾੜੀ ਅਫ਼ਸਰ ਪੱਖੋਵਾਲ ਦੀ ਅਗਵਾਈ ਵਿਚ ਸਰਕਲ ਬਰ੍ਹਮੀ ਅਉਂਦੇ ਕਰੀਬੀ ਪਿੰਡ ਗੋਂਦਵਾਲ ਵਿਖੇ 'ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲਜ਼-ਆਇਲ ਸੀਡਜ' ਤਹਿਤ ਤੇਲ ਬੀਜ ਫ਼ਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਦੋ ਰੋਜ਼ਾ ਕਿਸਾਨ ਟਰੇਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਟਰੇਨਿੰਗ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਤੋਂ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦੇਣ ਲਈ ਡਾ: ਸਰਵਨ ਕੁਮਾਰ ਐਟੋਮੋਲਜਿਸਟ ਅਤੇ ਡਾ: ਅਮਨਪ੍ਰੀਤ ਐਗਰੌਨਮਿਸਟ ਵਲੋਂ ਟਰੇਨਿੰਗ ਦੇਣ ਲਈ ਪਹੁੰਚੇ | ਡਾ. ਅਮਨਪ੍ਰੀਤ ਨੇ ਕਿਸਾਨਾਂ ਨੂੰ ਹਾੜ੍ਹੀ ਅਤੇ ਸਾਉਣੀ ਦੀਆਂ ਤੇਲ ਬੀਜ ਫਸਲਾਂ ਦੀ ਸਫ਼ਲ ਕਾਸ਼ਤ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰ ਇਕ ਕਿਸਾਨ ਨੂੰ ਆਪਣੇ ਖਾਣ ਜੋਗੀ ਸਰੋਂ ਅਤੇ ਹੋਰ ਤੇਲ ਬੀਜ ਫ਼ਸਲਾਂ ਜ਼ਰੂਰ ਬੀਜਣੀਆਂ ਚਾਹੀਦੀਆਂ ਹਨ, ਕਿਉਕਿ ਜੋ ਤੇਲ ਬਜ਼ਾਰ ਵਿਚ ਮਿਲਦਾ ਹੈ, ਉਹ ਤੇਲ ਸਿਹਤ ਲਈ ਨੁਕਸਾਨਦਾਇਕ ਹੁੰਦਾ ਹੈ | ਡਾ. ਸਰਵਣ ਕੁਮਾਰ ਨੇ ਕਿਸਾਨਾਂ ਨੂੰ ਹਾੜ੍ਹੀ ਅਤੇ ਸਾਉਣੀ ਦੀਆਂ ਤੇਲ ਬੀਜ ਫ਼ਸਲਾਂ ਦੀਆਂ ਬਿਮਾਰੀਆਂ, ਕੀੜੇ ਮਕੌੜੇ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ | ਡਾ. ਪ੍ਰੇਮਪ੍ਰੀਤ ਸਿੰਘ (ਏ.ਈ.ਓ.), ਡਾ: ਗੁਰਭਗਤ ਸਿੰਘ (ਏ.ਈ.ਓ.), ਡਾ: ਗੁਰਜੀਤ ਕੌਰ (ਏ.ਡੀ.ਓ), ਡਾ: ਸੰਤੋਸ਼ ਕੁਮਾਰ (ਏ.ਡੀ.ਓ.) ਅਤੇ ਡਾ. ਦਵਿੰਦਰ ਸਿੰਘ ਖੋਸਾ (ਏ.ਡੀ.ਓ.) ਵਲੋਂ ਹਰੀ ਖਾਦ, ਰੂੜੀ ਖਾਦ, ਕਣਕ ਦੀ ਫ਼ਸਲ, ਮਿੱਟੀ ਦੀ ਪਰਖ ਅਤੇ ਵੱਖ-ਵੱਖ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ | ਟਰੇਨਿੰਗ ਦੇ ਦੂਸਰੇ ਦਿਨ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਫੀਲਡ ਵਿਜਟ ਵੀ ਕਰਵਾਈ ਗਈ | ਡਾ: ਗਗਨਦੀਪ ਕੌਰ ਖੇਤੀਬਾੜੀ ਅਫ਼ਸਰ ਪੱਖੋਵਾਲ ਨੇ ਕਿਸਾਨਾਂ ਨੂੰ ਤੇਲ ਬੀਜ ਫ਼ਸਲਾਂ ਦੀ ਪ੍ਰੋਸੈਸਿੰਗ ਬਾਰੇ ਟਰੇਨਿੰਗ ਦਿੱਤੀ | ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਜੇਕਰ ਕਿਸਾਨ ਤੇਲ ਬੀਜ ਫਸਲਾਂ ਦੀ ਪ੍ਰੋਸੈਸਿੰਗ ਕਰਦਾ ਹੈ ਤਾਂ ਉਹ ਚੰਗਾ ਮੁਨਾਫ਼ਾ ਲੈ ਸਕਦਾ ਹੈ | ਡਾ. ਗਗਨਦੀਪ ਕੌਰ ਵਲੋਂ ਸਟੇਜ਼ ਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿ੍ਹਆ ਗਿਆ | ਟਰੇਨਿੰਗ ਦੇ ਅੰਤ ਵਿਚ ਸਰਕਲ ਬਰ੍ਹਮੀ ਦੇ ਇੰਚਾਰਜ ਡਾ: ਅੰਮਿ੍ਤਪਾਲ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਟਰੇਨਿੰਗ ਵਿਚ ਭਾਗ ਲੈਣ ਵਾਲੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਟਰੇਨਿੰਗ ਵਿਚ ਗੁਰਦੀਪ ਸਿੰਘ ਸਿੱਧੂ, ਟਹਿਲ ਸਿੰਘ, ਬੂਟਾ ਸਿੰਘ ਬਰਮੀ, ਸੁਖਦੇਵ ਸਿੰਘ ਬਰਮੀ ਸਣੇ ਕੁੱਲ 30 ਕਿਸਾਨਾਂ ਵਲੋਂ ਭਾਗ ਲਿਆ ਗਿਆ |