ਸਿੱਧਵਾਂ ਬੇਟ, 24 ਜਨਵਰੀ (ਜਸਵੰਤ ਸਿੰਘ ਸਲੇਮਪੁਰੀ)-ਇਉਂ ਜਾਪ ਰਿਹਾ ਹੈ ਜਿਵੇਂ ਕਸਬਾ ਸਿੱਧਵਾਂ ਬੇਟ ਨੂੰ ਕਿਸੇ ਦੀ ਨਜ਼ਰ ਹੀ ਲੱਗ ਗਈ ਹੈ | ਕੋਈ ਦਿਨ ਐਸਾ ਨਹੀਂ ਲੰਘਦਾ, ਜਿਸ ਦਿਨ ਕਸਬੇ ਦੀਆਂ ਤੰਗ ਗਲੀਆਂ ਨਾਲ-ਨਾਲ ਮੁੱਖ ਬਾਜ਼ਾਰ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨਾ ਹੋਣ ਪਰ ਪੁਲਿਸ ਵਲੋਂ ਕੋਸ਼ਿਸ਼ ਕਰਨ ਦੇ ਬਾਵਜੂਦ ਅਜਿਹੇ ਬੇਖੌਫ਼ ਸਮਾਜ ਵਿਰੋਧੀ ਤੱਤਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਬਿਨ੍ਹਾਂ ਰੋਕ-ਟੋਕ ਤੋਂ ਅਜਿਹੀਆਂ ਘਿਣਾਉਣੀਆਂ ਵਾਰਦਾਤਾਂ ਨੂੰ ਇਸ ਤਰ੍ਹਾਂ ਅੰਜ਼ਾਮ ਦੇ ਰਹੇ ਹਨ, ਜਿਵੇਂ ਕੋਈ ਦੂਰ-ਦੁਰਾਡਾ ਇਲਾਕਾ ਹੋਵੇ | ਜੇਕਰ ਗੱਲ ਕਰੀਏ ਤਾਂ ਕਸਬੇ ਦੇ ਕਿਸ਼ਨਪੁਰਾ ਚੌਂਕ ਵਿਚ ਸਥਿਤ ਕੁਝ ਦੁਕਾਨਦਾਰਾਂ ਨੂੰ ਨਕਾਬਪੋਸ਼ ਲੋਕਾਂ ਨੇ ਪੂਰੀ ਤਰ੍ਹਾਂ ਪ੍ਰੇਸ਼ਾਨ ਕਰ ਰੱਖਿਆ ਹੈ | ਇਨ੍ਹਾਂ ਨਕਾਬਪੋਸ਼ ਚੋਰਾਂ ਨੇ ਲਗਾਤਾਰ ਕਈ ਚੋਰੀਆਂ ਨੂੰ ਅੰਜ਼ਾਮ ਦੇ ਦਿੱਤਾ, ਪਰ ਅਜੇ ਤੱਕ ਕਿਸੇ ਵੀ ਚੋਰ ਦਾ ਪਤਾ ਨਹੀਂ ਲੱਗ ਸਕਿਆ | ਲੋਕਾਂ ਦਾ ਕਹਿਣਾ ਹੈ ਕਿ ਚੋਰ ਕੋਈ ਭੇਤੀ ਹੋ ਸਕਦਾ ਹੈ, ਪਰ ਅਜਿਹੇ ਸਮਾਜ ਵਿਰੋਧੀ ਤੱਤਾਂ ਦੀ ਐਨੀ ਦਹਿਸ਼ਤ ਹੈ ਕਿ ਖੁੱਲ੍ਹ ਕੇ ਕੋਈ ਵੀ ਦੁਕਾਨਦਾਰ ਆਪਣਾ ਮੂੰਹ ਨਹੀਂ ਖੋਲ੍ਹਦਾ | ਕਈ ਤਾਂ ਆਪਣੇ ਨਾਲ ਵਾਪਰੀ ਘਟਨਾ ਨੂੰ ਦੱਸਣ ਤੋਂ ਹੀ ਗੁਰੇਜ ਕਰ ਜਾਂਦੇ ਹਨ, ਪਰ ਉਨ੍ਹਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਇਹ ਇਹ ਜ਼ਰੂਰ ਦੱਸਿਆ ਕਿ ਚੌਂਕ ਨਜ਼ਦੀਕ ਬਣੀ ਇਕ ਮਾਰਕੀਟ ਜੋ ਖੰਜ਼ਰ ਦੇ ਰੂਪ ਦੇ ਨਾਲ-ਨਾਲ ਨਸ਼ੇੜੀਆਂ ਦਾ ਅੱਡਾ ਵੀ ਬਣੀ ਹੋਈ ਹੈ | ਉੱਥੇ ਰੋਜ਼ਾਨਾ ਨਸ਼ੇ ਦੀ ਲੱਤ ਦਾ ਸ਼ਿਕਾਰ ਹੋਏ ਅਤੇ ਕਈ ਵੱਡੇ ਘਰਾਂ ਦੇ ਕਾਕੇ ਸ਼ਰ੍ਹੇਆਮ ਟੀਕੇ ਲਗਾਉਂਦੇ ਵੇਖੇ ਜਾ ਸਕਦੇ ਹਨ | ਦੂਜੇ ਪਾਸੇ ਕਸਬੇ ਦਾ ਮੁੱਖ ਬਜ਼ਾਰ ਜਦੋਂ ਸ਼ਾਮ ਨੂੰ ਬੰਦ ਹੋਣ ਵਾਲਾ ਹੁੰਦਾ ਹੈ ਤਾਂ ਉਸ ਸਮੇਂ ਵੀ ਮੋਟਰਸਾਈਕਲਾਂ ਅਤੇ ਸਕੂਟੀਆਂ 'ਤੇ ਘੁੰਮਣ ਵਾਲੇ ਨਕਾਬਪੋਸ਼ ਖੋਹ ਦੀਆਂ ਵਾਰਦਾਤਾਂ ਕਰ ਜਾਂਦੇ ਹਨ | ਕਈ ਵਾਰ ਤਾਂ ਇਹ ਬੇਖੌਫ਼ ਸਖ਼ਸ ਦਿਨ-ਦਿਹਾੜੇ ਹੀ ਲੋਕਾਂ 'ਤੇ ਆਪਣਾ ਹੱਥ ਸਾਫ਼ ਕਰ ਜਾਂਦੇ ਹਨ | ਆਪਣੇ ਨਾਲ 21 ਜਨਵਰੀ ਦੀ ਰਾਤ 9 ਵਜੇ ਖੋਹ ਦੀ ਵਾਪਰੀ ਘਟਨਾ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਲੁਧਿਆਣਾ ਹਾਲ ਵਾਸੀ ਸਿੱਧਵਾਂ ਬੇਟ ਦੇ ਦੱਸਿਆ ਕਿ ਮੈਂ ਜਦੋਂ 9 ਵਜੇ ਕਸਬਾ ਸਿੱਧਵਾਂ ਦੇ ਜਲੰਧਰ-ਜਗਰਾਉਂ ਮਾਰਗ 'ਤੇ ਸਥਿਤ ਮੁੱਖ ਗੁਰਦੁਆਰਾ ਸਾਹਿਬ ਦੇ ਕੋਲ ਮੈਨੂੰ ਮੇਰੇ ਮੋਬਾਇਲ 'ਤੇ ਆਈ ਕਾਲ ਵੇਖ ਰਿਹਾ ਸੀ ਤਾਂ ਚਿੱਟੇ ਰੰਗ ਦੀ ਸਕੂਟਰੀ 'ਤੇ ਆਇਆ ਇਕ ਨਕਾਬਪੋਸ਼ ਮੋਨਾ ਵਿਅਕਤੀ ਮੇਰੇ ਹੱਥ ਵਿਚੋਂ ਸੈਮਸੰਗ ਐਸ-22 ਅਲਟਰਾ ਮੋਬਾਇਲ ਝਪਟ ਕੇ ਲੜਕੀਆਂ ਵਾਲੇ ਸਕੂਲ ਵੱਲ ਨੂੰ ਫ਼ਰਾਰ ਹੋ ਗਿਆ | ਮੈਂ ਆਪਣੇ ਮੋਟਰਸਾਈਕਲ 'ਤੇ ਉਸ ਦਾ ਤੁਰੰਤ ਪਿੱਛਾ ਕੀਤਾ ਪਰ ਮੇਰਾ ਮੋਟਰਸਾਈਕਲ ਸਲਿੱਪ ਹੋ ਕੇ ਡਿੱਗ ਗਿਆ ਅਤੇ ਮੇਰੇ ਸੱਟਾਂ ਵੀ ਲੱਗ ਗਈਆਂ | ਇਸ ਤੋਂ ਇਲਾਵਾ ਕਈ ਹੋਰ ਦਰਜਨਾਂ ਘਟਨਾਵਾਂ ਪਹਿਲਾਂ ਹੀ ਅਖ਼ਬਾਰਾਂ ਦਾ ਸੁਰਖੀਆਂ ਬਣ ਚੁੱਕੀਆਂ ਹਨ ਅਤੇ ਹਰ ਵਾਰ ਜ਼ਿੰਮੇਵਾਰ ਅਧਿਕਾਰੀ ਪੁਲਿਸ ਨਫ਼ਰੀ ਦੀ ਘਾਟ ਦੀ ਦੁਹਾਈ ਦੇ ਕੇ ਬਚ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਪਰ ਸਥਾਨਿਕ ਕਸਬੇ ਦੇ ਲੋਕਾਂ ਦਾ ਕੀ ਕਸੂਰ ਹੈ ਜੋ ਸੁਰੱਖਿਅਤ ਇਲਾਕਾ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ |