ਹੰਬੜਾਂ, 28 ਜਨਵਰੀ (ਮੇਜਰ ਹੰਬੜਾਂ)-ਲੁਧਿਆਣਾ ਜ਼ਿਲ੍ਹੇ ਦੇ ਇਤਿਹਾਸਿਕ ਪਿੰਡ ਆਲੀਵਾਲ ਵਿਖੇ 28 ਜਨਵਰੀ 1846 'ਚ ਹੋਈ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਜੰਗ ਵਿਚ ਸ਼ਹੀਦ ਹੋਣ ਵਾਲੇ ਸਿੱਖ ਸ਼ਹੀਦਾਂ ਦੀ ਯਾਦ 'ਚ ਉਸਾਰੀ ਗਈ ਯਾਦਗਾਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਬਲਜੀਤ ਸਿੰਘ ਦੇ ਕੀਰਤਨੀਏ ਜਥੇ ਵਲੋਂ ਕਥਾ ਕੀਰਤਨ ਰਾਹੀਂ ਸੰਗਤਾਂ 'ਚ ਹਾਜ਼ਰੀ ਭਰੀ | ਇਸ ਸ਼ਹੀਦੀ ਸਮਾਗਮ ਵਿਚ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਿਸ਼ੇਸ਼ ਤੌਰ 'ਤੇ ਪੁੱਜੇ, ਜਿੰਨ੍ਹਾਂ ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ | ਸ: ਇਯਾਲੀ ਨੇ ਕਿਹਾ ਕਿ ਆਲੀਵਾਲ ਦੀ ਜੰਗ ਵਿਚ ਅੰਗਰੇਜ ਫੌਜ ਦੇ ਆਲਾ ਅਫ਼ਸਰ ਅਤੇ ਵੱਡੀ ਗਿਣਤੀ 'ਚ ਫ਼ੌਜ ਦੇ ਸਿਪਾਹੀ ਮਾਰੇ ਗਏ ਸਨ ਤੇ ਸਿੱਖ ਫੌਜਾਂ ਨੇ ਅੰਗਰੇਜ ਫੌਜਾਂ ਨੂੰ ਪਿੱਛੇ ਵੱਲ ਧੱਕ ਦਿੱਤਾ ਸੀ ਅਤੇ ਇਸ ਜੰਗ ਵਿਚ 10 ਹਜ਼ਾਰ ਦੇ ਕਰੀਬ ਸਿੱਖ ਵੀ ਸ਼ਹੀਦ ਹੋਏ ਸਨ | ਵਿਧਾਇਕ ਇਯਾਲੀ ਨੇ ਕਿਹਾ ਕਿ ਇਤਿਹਾਸਿਕ ਪਿੰਡ ਆਲੀਵਾਲ 'ਚ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ 1846 'ਚ ਹੋਈ ਜੰਗ ਵਿਚ ਸ਼ਹੀਦ ਹੋਏ ਸਿੱਖ ਸ਼ਹੀਦਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ ਗਿਆ | ਪਰ ਸਰਪੰਚ ਪ੍ਰਗਟ ਸਿੰਘ ਢਿੱਲੋਂ ਤੇ ਇਲਾਕੇ ਦੇ ਲੋਕਾਂ ਸਮੇਤ ਐੱਨ.ਆਈ.ਆਈ ਵੀਰਾਂ ਦੇ ਸਹਿਯੋਗ ਨਾਲ ਸ਼ਹੀਦ ਹੋਏ ਸਿੱਖਾਂ ਦੀ ਯਾਦਗਾਰ ਬਣਾਈ ਗਈ ਹੈ, ਜਿਸ ਨੂੰ ਐਂਗਲੋ ਸਿੱਖ ਵਾਰ ਦਾ ਨਾਂਅ ਦਿੱਤਾ ਗਿਆ ਹੈ | ਇਸ ਮੌਕੇ ਚੇਅਰਮੈਨ ਪ੍ਰਗਟ ਸਿੰਘ ਢਿੱਲੋਂ ਅਤੇ ਸਮੂਹ ਮੈਂਬਰਾਂ ਵਲੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ, ਜਿੰਨ੍ਹਾਂ ਨੇ ਯਾਦਗਾਰ ਉਸਾਰਨ 'ਚ ਵੱਡਾ ਯੋਗਦਾਨ ਪਾਇਆ ਗਿਆ ਸੀ | ਇਸ ਮੌਕੇ ਸਰਪੰਚ ਮੋਹਣ ਸਿੰਘ ਆਲੀਵਾਲ, ਕਰਤਾਰ ਸਿੰਘ, ਨੰਬਰਦਾਰ ਚੂਹੜ ਸਿੰਘ, ਪੰਚ ਅਵਤਾਰ ਸਿੰਘ, ਪੰਚ ਗੁਰਦੀਪ ਸਿੰਘ, ਜਗਜੀਤ ਸਿੰਘ ਬਾਵਾ, ਸਾਬਕਾ ਸਰਪੰਚ ਪ੍ਰੀਤਮ ਸਿੰਘ ਆਲੀਵਾਲ, ਗੁਰਪ੍ਰੀਤ ਸਿੰਘ, ਪ੍ਰਕਾਸ਼ ਸਿੰਘ, ਭਾਗ ਸਿੰਘ, ਕਰਨੈਲ ਸਿੰਘ ਕਾਕੂ, ਪ੍ਰੀਤਮ ਸਿੰਘ ਰਾਏਕੋਟੀ, ਬਲਵੀਰ ਸਿੰਘ, ਜਗਪਾਲ ਸਿੰਘ ਭੋਲਾ, ਸੁਰਜੀਤ ਸਿੰਘ ਆਲੀਵਾਲ, ਮਹਿੰਦਰ ਸਿੰਘ ਪੰਚ, ਅਮਰੀਕ ਸਿੰਘ ਅਤੇ ਹੋਰ ਇਲਾਕਾ ਵਾਸੀ ਮੌਜੂਦ ਸਨ |