ਜਗਰਾਉਂ, 28 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਇਤਿਹਾਸਕ ਪਿੰਡ ਅਖਾੜਾ ਵਿਖੇ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ | ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਗੁਰੂ ਰਵਿਦਾਸ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੋਈ | ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਇਸ ਨਗਰ ਕੀਰਤਨ ਦੌਰਾਨ ਪਿੰਡ ਅਖਾੜਾ ਦੀਆਂ ਬੀਬੀਆਂ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਰਸਭਿੰਨਾਂ ਕੀਰਤਨ ਕੀਤਾ | ਭਾਈ ਮਨਦੀਪ ਸਿੰਘ ਪੋਹੀੜ ਦੇ ਢਾਡੀ ਜਥੇ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਸਫ਼ਰ ਅਤੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਸਬੰਧਿਤ ਢਾਡੀ ਵਾਰਾਂ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਸੰਗਤਾਂ ਨੇ ਸਾਰਾ ਦਿਨ ਸ਼ਬਦ ਗੁਰੂ ਨਾਲ ਜੁੜਕੇ ਜੀਵਨ ਸਫ਼ਲਾ ਕੀਤਾ | ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਰਸਤੇ 'ਚ ਸ਼ਰਧਾਲੂਆਂ ਵਲੋਂ ਚਾਹ-ਪਕੌੜੇ ਆਦਿ ਦੇ ਵਿਸ਼ਾਲ ਲੰਗਰ ਲਾਏ ਗਏ | ਨਗਰ ਕੀਰਤਨ ਦੌਰਾਨ ਏਕਤਾ ਕਲੱਬ ਦੇ ਸੇਵਾਦਾਰਾਂ ਨੇ ਨਗਰ ਕੀਰਤਨ ਦੇ ਸਵਾਗਤ ਲਈ ਸਾਰੇ ਰਸਤਿਆਂ ਦੀ ਸਫ਼ਾਈ ਕੀਤੀ ਤੇ ਨਾਲੋ-ਨਾਲ ਝਾੜੂ ਦੀ ਸੇਵਾ ਕਰਦਿਆਂ ਸਾਰੇ ਰਸਤਿਆਂ ਨੂੰ ਸਾਫ਼ ਸੁਥਰਾ ਬਣਾਇਆ | ਇਸ ਮੌਕੇ ਗੁਰਦੁਆਰਾ ਕੈਮਾਂ ਵਾਲੀ ਢਾਬ ਦੇ ਮੁੱਖ ਸੇਵਾਦਾਰ ਬਾਬਾ ਜਰਨੈਲ ਸਿੰਘ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ ਘੋਰ ਅੰਧਕਾਰ ਯੁੱਗ 'ਚ ਮਨੁੱਖੀ ਜੀਵਨ ਲਈ ਰਾਹ ਦਸੇਰਾ ਦੱਸਦਿਆਂ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੁਆਰਾ ਦਰਸਾਏ ਮਾਰਗ 'ਤੇ ਚੱਲਦਿਆਂ ਆਪਣਾ ਜੀਵਨ ਸਫ਼ਲਾ ਕਰਨਾ ਚਾਹੀਦਾ ਹੈ |