ਜਗਰਾਉਂ, 31 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਮੁਹੱਲਾ ਬਲੋਚਾਂ ਜਗਰਾਉਂ ਦੇ ਵਾਸੀ ਮੁਹੱਲੇ ਵਿਖੇ ਤਾਇਨਾਤ ਸਫ਼ਾਈ ਸੇਵਕ ਤੋਂ ਡਾਢੇ੍ਹ ਪ੍ਰੇਸ਼ਾਨ ਹਨ | ਇਸ ਸੰਬੰਧੀ ਮੁਹੱਲਾ ਨਿਵਾਸੀਆਂ ਦੇ ਇਕ ਵਫ਼ਦ ਨੇ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੂੰ ਇਕ ਮੰਗ ਪੱਤਰ ਦੇ ਕੇ ਆਪਣਾ ਦੁੱਖੜਾ ਰੋਇਆ | ਮੰਗ ਪੱਤਰ 'ਚ ਕਿਹਾ ਗਿਆ ਕਿ ਮੁਹੱਲਾ ਬਲੋਚਾਂ ਵਿਖੇ ਤਾਇਨਾਤ ਸਫ਼ਾਈ ਸੇਵਕ ਆਪਣੀ ਮਰਜ਼ੀ ਨਾਲ ਹੀ ਮੁਹੱਲੇ ਦੀ ਸਫ਼ਾਈ ਕਰਨ ਲਈ ਆਉਂਦਾ ਹੈ | ਉਹ ਘਰਾਂ ਦਾ ਕੂੜਾ ਵੀ ਨਹੀਂ ਚੁੱਕਦਾ ਹੈ | ਉਹ ਕੂੜਾ ਚੁੱਕਣ ਦੇ ਬਦਲੇ ਪੈਸੇ ਦੀ ਮੰਗ ਕਰਦਾ ਹੈ | ਉਨ੍ਹਾਂ ਦੱਸਿਆ ਕਿ ਜਿਹੜਾ ਘਰ ਸਫ਼ਾਈ ਸੇਵਕ ਨੂੰ ਪੈਸੇ ਨਹੀਂ ਦਿੰਦਾ ਉਹ ਉਸ ਘਰ ਦਾ ਕੂੜਾ ਚੁੱਕਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਆਖਦਾ ਹੈ ਕਿ ਮੈਂ ਕੋਈ ਕਮੇਟੀ ਦਾ ਪੱਕਾ ਮੁਲਾਜ਼ਮ ਨਹੀਂ ਬਲਕਿ ਆਰਜੀ ਹਾਂ | ਮੁਹੱਲਾ ਨਿਵਾਸੀਆਂ ਨੇ ਮੁਹੱਲਾ ਬਲੋਚਾਂ ਵਿਖੇ ਕੋਈ ਪੱਕਾ ਸਫ਼ਾਈ ਸੇਵਕ ਤਾਇਨਾਤ ਕਰਨ ਦੀ ਮੰਗ ਕੀਤੀ | ਇਸ ਮੌਕੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੂੰ ਮਨਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਅੱਜ ਤੋਂ ਬਾਅਦ ਮੁਹੱਲੇ ਵਿਖੇ ਨਵਾਂ ਸਫ਼ਾਈ ਸੇਵਕ ਆਏਗਾ | ਉਨ੍ਹਾਂ ਆਖਿਆ ਕਿ ਹਰ ਮੁਲਾਜ਼ਮ ਨੂੰ ਕਾਇਦੇ ਕਾਨੂੰਨ ਵਿਚ ਰਹਿ ਕੇ ਆਪਣੀਆਂ ਸੇਵਾਵਾਂ ਨਿਭਾਉਣੀਆਂ ਪੈਣਗੀਆਂ | ਇਸ ਮੌਕੇ ਕੌਂਸਲਰ ਸਤੀਸ਼ ਕੁਮਾਰ ਦੌਧਰੀਆ, ਰਾਜਨ ਮਲੋਹਤਰਾ, ਕੁਲਪ੍ਰੀਤ ਸਿੰਘ, ਪ੍ਰਭਦਿਆਲ ਸਿੰਘ, ਮੇਜਰਸਿੰਘ, ਨਿਰਮਲ ਸਿੰਘ, ਸਤਨਾਮ ਸਿੰਘ, ਰੇਸ਼ਮ ਸਿੰਘ ਆਦਿ ਹਾਜ਼ਰ ਸਨ |