ਸਿੱਧਵਾਂ ਬੇਟ, 2 ਫਰਵਰੀ (ਜਸਵੰਤ ਸਿੰਘ ਸਲੇਮਪੁਰੀ)-26 ਜੁਲਾਈ 2023 ਦੌਰਾਨ ਦਰਿਆ ਸਤਲੁਜ ਵਿਚ ਆਏ ਹੜ੍ਹਾਂ ਵਿਚ ਰੁੜ੍ਹ ਕੇ ਪਾਕਿਸਤਾਨ ਜਾ ਵੜਿ੍ਹਆ ਅਤੇ ਹੁਣ ਦੋ ਦਿਨ ਪਹਿਲਾਂ ਹੀ ਵਾਹਗਾ ਬਾਰਡਰ ਰਾਹੀਂ 6 ਹੋਰ ਨੌਜਵਾਨਾਂ ਨਾਲ ਵਾਪਸ ਪਰਤਿਆ ਲਾਗਲੇ ਪਿੰਡ ਪਰਜੀਆਂ ਬਿਹਾਰੀਪੁਰ ਦਾ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਸਵ: ਮੁਖਤਿਆਰ ਸਿੰਘ ਭਾਵੇਂ ਆਪਣੀ ਪਤਨੀ ਸਕੰਦਰ ਕੌਰ ਅਤੇ ਦੋ ਬੱਚਿਆਂ ਨੂੰ ਮਿਲ ਕੇ ਖੁਸ਼ੀ ਮਹਿਸੂਸ ਕਰ ਰਿਹਾ ਹੈ ਪਰ ਲੰਘੇ ਦਿਨਾਂ ਤੋਂ ਉਸ ਦੇ ਘਰ ਵਿਚ ਆ ਰਹੇ ਜਾਂਚ ਕਰਮਚਾਰੀਆਂ ਨੂੰ ਲੈ ਕੇ ਹਰਵਿੰਦਰ ਸਿੰਘ ਅਤੇ ਉਸ ਦਾ ਪਰਿਵਾਰ ਮੁੜ ਘਬਰਾਹਟ ਮਹਿਸੂਸ ਕਰਦਾ ਵਿਖਾਈ ਦੇ ਰਿਹਾ ਹੈ | ਵਾਪਸ ਪਰਤੇ ਹਰਵਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਜਦੋਂ ਅੱਜ ਪੱਤਰਕਾਰਾਂ ਦੀ ਟੀਮ ਉਸ ਦੇ ਘਰ ਪੁੱਜੀ ਤਾਂ ਸੀ.ਆਈ.ਏ. ਸਟਾਫ਼ ਜਗਰਾਉਂ ਦੇ ਦੋ ਕਰਮਚਾਰੀ ਉਸ ਦਾ ਸਾਰਾ ਰਿਕਾਰਡ ਖੰਗਾਲ ਰਹੇ ਸਨ ਅਤੇ ਉਸ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇੇ ਐਡਰੈਸ ਵਗੈਰਾ ਲੈ ਰਹੇ ਸਨ, ਜਿਸ ਨਾਲ ਹਰਵਿੰਦਰ ਸਿੰਘ ਚਿੰਤਾ ਵਿਚ ਜਾ ਰਿਹਾ ਸੀ | ਜਦੋਂ ਪੁਲਿਸ ਕਰਮਚਾਰੀਆਂ ਨੇ ਪਰਿਵਾਰ ਨੂੰ ਆਖਿਆ ਕਿ ਹਰਵਿੰਦਰ ਸਿੰਘ ਨੂੰ ਸੀ.ਆਈ.ਏ. ਸਟਾਫ਼ ਜਗਰਾਉਂ ਦੇ ਮੁਖੀ ਅੰਮਿ੍ਤਪਾਲ ਸਿੰਘ ਨੇ ਬੁਲਾਇਆ ਹੈ ਅਤੇ ਉਸ ਨਾਲ ਕੋਈ ਗੱਲਬਾਤ ਕਰਨੀ ਹੈ ਤਾਂ ਇਕ ਵਾਰ ਸਾਰਾ ਪਰਿਵਾਰ ਪੂਰੀ ਤੈਸ਼ ਵਿਚ ਆ ਗਿਆ | ਉਨ੍ਹਾਂ ਹਰਵਿੰਦਰ ਸਿੰਘ ਨੂੰ ਜਗਰਾਉਂ ਨਾ ਭੇਜਣ ਦੀ ਗੱਲ ਕਰਦੇ ਹੋਏ ਆਖਿਆ ਕਿ ਜਦੋਂ ਸਾਰੀ ਏਜੰਸੀਆਂ ਨੇ ਹਰਵਿੰਦਰ ਸਿੰਘ ਕੋਲੋਂ ਵਾਹਗਾ ਬਾਰਡਰ ਪਾਰ ਕਰਨ ਸਮੇਂ ਦੋ ਘੰਟੇ ਪੁੱਛਗਿੱਛ ਕਰ ਲਈ ਹੈ ਤਾਂ ਹੁਣ ਇਸ ਨੂੰ ਬੁਲਾਉਣ ਦਾ ਕੀ ਮਕਸਦ ਹੈ | ਉਸ ਦੀ ਪਤਨੀ ਸਿਕੰਦਰ ਕੌਰ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰ ਗਈਆਂ | ਇਸ ਮੌਕੇ ਸਰਪੰਚ ਜਸਵੀਰ ਸਿੰਘ ਜੱਸਾ ਨੇ ਵੀ ਆਖਿਆ ਕਿ ਹਰਵਿੰਦਰ ਸਿੰਘ ਅਤੇ ਉਸ ਦੇ ਨਾਲ ਆਏ ਸਾਥੀ ਚਰਨਪਾਲ ਸਿੰਘ ਕੋਲੋਂ ਦੋ ਘੰਟੇ ਪੁੱਛਗਿੱਛ ਕੀਤੀ ਗਈ, ਹੁਣ ਉਸ ਨੂੰ ਪ੍ਰੇਸ਼ਾਨ ਕਰਨ ਦਾ ਕੀ ਮਤਲਬ ਹੈ | ਉਸ ਨੇ ਇਹ ਵੀ ਦੱਸਿਆ ਕਿ ਚਰਨਪਾਲ ਦੇ ਘਰ ਤਾਂ ਅਜੇ ਤੱਕ ਕੋਈ ਵੀ ਮੁਲਾਜ਼ਮ ਨਹੀਂ ਪਰਤਿਆ, ਪਰ ਹਰਵਿੰਦਰ ਸਿੰਘ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ? ਉਹ ਤਾਂ ਕੱਲ੍ਹ ਤੋਂ ਪਹਿਲਾਂ ਹੀ ਸਦਮੇ ਵਿਚ ਹੈ, ਕਿਉਂਕਿ ਉਸ ਦੇ ਪਿਤਾ ਮੁਖਤਿਆਰ ਸਿੰਘ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਦਾ ਉਸ ਨੂੰ ਹੁਣ ਪਤਾ ਲੱਗਾ ਹੈ |